ਗੁਰਦੇਵ ਸਿੰਘ ਨੂੰ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਕਾਰਡ ਸੌਂਪਿਆ
ਬਲਾਚੌਰ, ਬਾਬੂਸ਼ਾਹੀ ਨੈੱਟਵਰਕ, 18 ਸਤੰਬਰ 2021- ਤਹਿਸੀਲ ਬਲਾਚੌਰ ਦੇ ਪਿੰਡ ਕਰਾਵਰ ਦੇ ਵਸਨੀਕ ਗੁਰਦੇਵ ਸਿੰਘ ਪੁੱਤਰ ਜਾਬਰ ਸਿੰਘ ਜਿਨ੍ਹਾਂ ਨੇ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਵਾਅਦਾ ਕੀਤਾ ਸੀ, ਨੂੰ ਹਰਬੀਰ ਸਿੰਘ ਆਈਏਐਸ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਸ਼ਹੀਦ ਭਗਤ ਸਿੰਘ ਨਗਰ ਨੇ ਆਈ ਕਾਰਡ ਸੌਂਪਿਆ। ਇਸ ਮੌਕੇ ਏਡੀਸੀ . ਹਰਬੀਰ ਸਿੰਘ ਨੇ ਕਿਹਾ ਕਿ ਮੌਤ ਤੋਂ ਬਾਅਦ ਸ਼ਰੀਰ ਨੂੰ ਅਗਨ ਭੇਟ ਕਰਨ ਦੀ ਬਜਾਏ ਜੇਕਰ ਇਹ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਇਹ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ। ਹਰਬੀਰ ਸਿੰਘ ਨੇ ਸਰੀਰ ਦਾਨ ਕਰਨ ਵਾਲਿਆਂ ਅਤੇ ਦੁਆਬਾ ਸੇਵਾ ਸਮਿਤੀ ਦੇ ਮੈਂਬਰਾਂ ਦਾ ਇਸ ਕਾਰਜ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ ।
ਇਸ ਮੌਕੇ ਦੁਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਉਪ ਪ੍ਰਧਾਨ ਯਸ਼ਪਾਲ ਸਿੰਘ ਹਾਫਿਜ਼ਾਬਾਦੀ ਜੀ ਨੇ ਦੱਸਿਆ ਕਿ ਜੋ ਵਿਅਕਤੀ ਮਰਨ ਉਪਰੰਤ ਸ਼ਰੀਰ ਦਾਨ ਕਰਨਾ ਚਾਹੁੰਦੇ ਹਨ , ਉਨ੍ਹਾਂ ਦੇ ਫਾਰਮ ਭਰੇ ਜਾਂਦੇ ਹਨ ਅਤੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਨੂੰ ਭੇਜੇ ਜਾਂਦੇ ਹਨ, ਉੱਥੋਂ ਉਨ੍ਹਾਂ ਦੇ ਆਈ-ਕਾਰਡ ਬਨ ਕੇ ਆਉਂਦੇ ਹਨ।ਉਨ੍ਹਾਂ ਦੱਸਿਆ ਕਿ ਅੱਜ 107ਵੇ ਸਰੀਰ ਦਾਨ ਕਰਨ ਵਾਲਿਆਂ ਨੂੰ ਆਈ-ਕਾਰਡ ਦਿੱਤੇ ਗਏ ਹਨ।ਉਨ੍ਹਾਂ ਨੇ ਸਰੀਰ ਦਾਨ ਕਰਕੇ ਸਮਾਜ ਸੇਵਾ ਵਿੱਚ ਸਹਾਇਤਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਰੀਰ ਦਾਨੀ ਗੁਰਦੇਵ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਉਨ੍ਹਾਂ ਦੇਸਰੀਰ ਤੋਂ ਸਿੱਖਿਆ ਪ੍ਰਾਪਤ ਕਰਕੇ ਡਾਕਟਰ ਬਣਦਾ ਹੈ ਅਤੇ ਹੋਰਨਾਂ ਦੀ ਜਾਨ ਬਚਾਉਂਦਾ ਹੈ, ਤਾਂ ਉਸਦਾ ਜਨਮ ਅਤੇ ਮੌਤ ਦੋਵੇਂ ਸਫਲ ਹੁੰਦੇ ਹਨ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਇਹ ਫਾਰਮ ਭਰਿਆ ਜਾਂਦਾ ਹੈ। ਉਸਨੇ ਦੱਸਿਆ ਕਿ ਮੈਂ ਇਹ ਸਰੀਰ ਦਾਨ ਫਾਰਮ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਭਰਿਆ ਹੈ । ਇਸ ਮੌਕੇ ਸਰੀਰ ਦਾਨੀ ਦਾ ਭਤੀਜਾ ਸੰਤੋਖ ਸਿੰਘ, ਦੋਆਬਾ ਸੇਵਾ ਸੰਮਤੀ ਦੇ ਉਪ ਪ੍ਰਧਾਨ ਯਸ਼ਪਾਲ ਸਿੰਘ ਹਾਫਿਜ਼ਾਬਾਦੀ , ਜਨਰਲ ਸੈਕਟਰੀ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ ਅਤੇ ਅਸ਼ੋਕ ਸ਼ਰਮਾ ਰਿਟਾਇਰਡ ਬੈਂਕ ਮੈਨੇਜਰ ਆਦਿ ਹਾਜ਼ਰ ਸਨ ।