ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਨਾਲ ਮੀਟਿੰਗ ਤੈਅ ਹੋਣ 'ਤੇ ਰੈਲੀ ਮੁਲਤਵੀ ਕੀਤੀ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 18 ਸਤੰਬਰ, 2021: ਮੈਰੀਟੋਰੀਅਸ ਅਧਿਆਪਕ ਯੂਨੀਅਨ, ਪੰਜਾਬ ਵੱਲੋਂ 19 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਸਿਸਵਾਂ ਸਥਿਤ ਰਿਹਾਇਸ਼ ਨੂੰ ਘੇਰਨ ਦੇ ਦਿੱਤੇ ਗਏ ਸੱਦੇ ਨੂੰ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ 19 ਸਤੰਬਰ ਨੂੰ ਸਿਸਵਾਂ ਫ਼ਾਰਮ ਹਾਊਸ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਮੋਹਾਲੀ ਪ੍ਰਸਾਸ਼ਨ ਵੱਲੋਂ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਦੀ 21 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਿੱਖਿਆ ਸਕੱਤਰ ਨਾਲ ਮੀਟਿੰਗ ਤੈਅ ਕਰਵਾਈ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਬਾਠ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ 2018 ਦੇ ਨੋਟੀਫ਼ਿਕੇਸ਼ਨ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਸੰਘਰਸ਼ ਕਰ ਰਹੇ ਹਨ ।ਇਸ ਲਈ ਉਹਨਾਂ ਵੱਲੋਂ ਸਿਸਵਾਂ ਫਾਰਮ ਹਾਊਸ ਘੇਰਨ ਦਾ ਐਲਾਨ ਕੀਤਾ ਗਿਆ ਸੀ । ਪਰ ਹੁਣ ਪ੍ਰਸਾਸ਼ਨ ਵੱਲੋਂ 21 ਸਤੰਬਰ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਤੈਅ ਕਰਵਾਈ ਗਈ ਹੈ।
ਉਹਨਾਂ ਕਿਹਾ ਕਿ ਉਹ ਇਸ ਮੀਟਿੰਗ ਵਿੱਚ 2018 ਦੇ ਨੋਟੀਫ਼ਿਕੇਸ਼ਨ ਦੇ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਰੱਖਣਗੇ । ਜੇਕਰ ਉਹਨਾਂ ਦੀ ਮੰਗ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਜਲਦ ਹੀ ਵੱਡੇ ਸੰਘਰਸ਼ ਦਾ ਐਲਾਨ ਜਲਦ ਕੀਤਾ ਜਾਵੇਗਾ ਅਤੇ ਮੰਗ ਪੂਰੀ ਹੋਣ ਤੱਕ ਇਹ ਸੰਘਰ਼ਸ਼ ਜਾਰੀ ਰਹੇਗਾ।
ਦੱਸਣਯੋਗ ਹੈ ਕਿ 2018 ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪਾਲਿਸੀ ਬਣਾ ਕੇ ਐੱਸ.ਐੱਸ.ਏ./ ਰਮਸਾ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਸੀ, ਪਰ ਇਸ ਪਾਲਿਸੀ ਅਧੀਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਤੋਂ ਆਪਸ਼ਨ ਕਲਿੱਕ ਕਰਵਾ ਕੇ ਵੀ ਰੈਗੂਲਰ ਨਹੀਂ ਕੀਤਾ ਗਿਆ ਸੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਕੌਰ, ਮੀਤ ਪ੍ਰਧਾਨ ਅਮਰੀਸ਼ ਸ਼ਰਮਾ, ਮੀਤ ਪ੍ਰਧਾਨ ਦਲਜੀਤ ਕੌਰ, ਜਨਰਲ ਸਕੱਤਰ ਬਲਰਾਜ ਸਿੰਘ, ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ ਅਤੇ ਮੁੱਖ ਬੁਲਾਰਾ ਹਰਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ।