ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹੀ, ਸਰਕਾਰੀ ਖੇਤੀ ਖਰੀਦ ਮੰਡੀਆਂ ਢਹਿ-ਢੇਰੀ ਹੋਣ ਲੱਗੀਆਂ - ਕਿਸਾਨ ਆਗੂ
ਕਮਲਜੀਤ ਸਿੰਘ ਸੰਧੂ
- ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਏਕੇ ਦੀ ਵਰ੍ਹੇਗੰਢ ਮਨਾਈ ; ਅਨੂਠੇ ਤਜ਼ਰਬੇ ਨੇ ਲੋਕ-ਘੋਲਾਂ ਨੂੰ ਨਵੀਂ ਸੇਧ ਦਿੱਤੀ
ਬਰਨਾਲਾ: 19 ਸਤੰਬਰ, 2021 - ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 354ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਸਰਕਾਰੀ ਖੇਤੀ ਖਰੀਦ ਮੰਡੀਆਂ ਦੀ ਖਸਤਾ ਹਾਲਤ ਬਾਰੇ ਛਪੀਆਂ ਖਬਰਾਂ ਦਾ ਗੰਭੀਰ ਨੋਟਿਸ ਲਿਆ।
ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪਰਚਾਰ ਕਰਨ ਲਈ ਸਰਕਾਰ ਕਹਿੰਦੀ ਰਹੀ ਹੈ ਕਿ ਸਰਕਾਰੀ ਮੰਡੀਆਂ ਖਤਮ ਨਹੀਂ ਹੋਣਗੀਆਂ। ਭਾਵੇਂ ਖੇਤੀ ਕਾਨੂੰਨ 'ਤੇ ਰੋਕ ਲੱਗੀ ਹੋਈ ਹੈ ਪਰ ਸਰਕਾਰ ਆਪਣੇ ਉਸੇ ਏਜੰਡੇ ਅਨੁਸਾਰ ਕੰਮ ਕਰ ਰਹੀ ਹੈ ਜਿਸ ਅਧੀਨ ਸਰਕਾਰੀ ਖੇਤੀ ਮੰਡੀਆਂ ਢਹਿ-ਢੇਰੀ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਆਪਣੇ ਸੂਬੇ ਗੁਜਰਾਤ ਤੇ ਖੇਤੀ ਮੰਤਰੀ ਦੇ ਸੂਬੇ ਮੱਧ ਪ੍ਰਦੇਸ਼ 'ਤੋਂ ਖੇਤੀ ਮੰਡੀਆਂ ਦੇ ਵੱਡੀ ਗਿਣਤੀ ਵਿੱਚ ਬੰਦ ਹੋ ਜਾਣ ਦੀਆਂ ਜੋ ਖਬਰਾਂ ਆਈਆਂ ਹਨ ਉਹ ਕਿਸਾਨਾਂ ਦੇ ਖਦਸ਼ਿਆਂ ਦੀ ਪੁਸ਼ਟੀ ਕਰਦੀਆਂ ਹਨ।
ਗੁਜਰਾਤ ਵਿੱਚ ਕੁੱਲ 224 ਏਪੀਐਮਸੀ ਮੰਡੀਆਂ 'ਚੋਂ 114 ਮੰਡੀਆਂ ਬੰਦ ਹੋ ਗਈਆਂ ਹਨ। ਬਾਕੀ ਏਪੀਐਮਸੀ ਮੰਡੀਆਂ ਦੀ ਆਰਥਿਕ ਹਾਲਤ ਇੰਨੀ ਖਸਤਾ ਹੈ ਕਿ ਉਨ੍ਹਾਂ ਨੂੰ ਆਪਣੇ ਮੁਲਾਜਮਾਂ ਨੂੰ ਤਨਖਾਹ ਦੇਣ 'ਚ ਮੁਸ਼ਕਲ ਆ ਰਹੀ ਹੈ। ਇਹੀ ਹਾਲਤ ਮੱਧ ਪ੍ਰਦੇਸ਼ ਦੀਆਂ 62 % ਮੰਡੀਆਂ ਦੀ ਬਣੀ ਹੋਈ ਹੈ। ਕਰਨਾਟਕ ਵਿੱਚ ਵੀ ਸਰਕਾਰੀ ਮੰਡੀਆਂ ਦੀ ਆਰਥਿਕ ਹਾਲਤ ਅਜਿਹੀ ਬਣਾ ਦਿੱਤੀ ਗਈ ਹੈ ਕਿ ਇਹ ਬੰਦ ਹੋਣ ਕਿਨਾਰੇ ਹਨ। ਅਸਲ ਵਿੱਚ ਜਦੋਂ ਸਰਕਾਰੀ ਅਦਾਰੇ ਦੇ ਮੁਕਾਬਲੇ 'ਤੇ ਇੱਕ ਪਰਾਈਵੇਟ ਅਦਾਰਾ ਖੜ੍ਹਾ ਕਰ ਦਿੱਤਾ ਜਾਂਦਾ ਹੈ ਅਤੇ ਸਰਕਾਰੀ ਨੀਤੀਆਂ ਨਿੱਜੀਕਰਨ-ਪੱਖੀ ਹੁੰਦੀਆਂ ਹਨ ਤਾਂ ਸਰਕਾਰੀ ਅਦਾਰੇ ਨੇ ਦੇਰ ਸਵੇਰ ਫੇਲ੍ਹ ਅਤੇ ਆਖਰ ਬੰਦ ਹੋਣਾ ਹੀ ਹੁੰਦਾ ਹੈ। ਕਿਸਾਨਾਂ ਨੇ ਇਸ ਸਰਕਾਰੀ ਸਾਜਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਬਲਵਿੰਦਰ ਕੌਰ ਖੁੱਡੀ, ਪਰਮਜੀਤ ਕੌਰ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਕੌਰ ਫਰਵਾਹੀ,ਸੁਖਦਰਸ਼ਨ ਸਿੰਘ ਦੀਉਲ, ਹਰਚਰਨ ਚੰਨਾ, ਗੁਰਜੰਟ ਸਿੰਘ ਹਮੀਦੀ, ਗੁਰਨਾਮ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ, ਰਣਧੀਰ ਸਿੰਘ ਰਾਜਗੜ੍ਹ , ਕੁਲਵੰਤ ਸਿੰਘ ਭਦੌੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਚੇਤੇ ਕਰਵਾਇਆ ਕਿ ਪਿਛਲੇ ਸਾਲ, ਅੱਜ ਦੇ ਦਿਨ ਜਲੰਧਰ ਵਿਖੇ ਹੋਈ ਮੀਟਿੰਗ ਵਿੱਚ ਪੰਜਾਬ ਦੀਆਂ 32 ਜਥੇਬੰਦੀਆਂ ਨੇ, ਖੇਤੀ ਕਾਨੂੰਨਾਂ ਖਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਸੀ।
ਇਹ ਇੱਕ ਇਤਿਹਾਸਕ ਕਦਮ ਸੀ ਜਿਸ ਦੇ ਬਹੁਤ ਸਾਰਥਿਕ ਨਤੀਜੇ ਨਿਕਲੇ। ਇਸੇ ਏਕੇ ਕਾਰਨ ਐਨਾ ਵੱਡਾ, ਵਿਆਪਕ ਅਤੇ ਵਿਸ਼ਾਲ ਅੰਦੋਲਨ ਖੜ੍ਹਾ ਹੋ ਸਕਿਆ ਜੋ ਇਤਿਹਾਸਕ ਦਰਜਾ ਹਾਸਲ ਕਰ ਚੁੱਕਿਆ ਹੈ। ਵੱਖ ਵੱਖ ਵਿਚਾਰਾਂ ਤੇ ਕਾਰਜ-ਸ਼ੈਲੀਆਂ ਵਾਲੇ ਕਿਸਾਨ ਨੇਤਾਵਾਂ ਨੇ ਆਪਣੀ ਅਜ਼ੀਮ ਜਥੇਬੰਦਕ,ਰਣਨੀਤਕ ਤੇ ਦਾਅਪੇਚਕ ਸੂਝ ਦਾ ਪ੍ਰਗਟਾਵਾ ਕਰਦਿਆਂ ਇਸ ਅੰਦੋਲਨ ਨੂੰ ਬੇਨਜ਼ੀਰ ਬੁਲੰਦੀਆਂ ਬਖਸ਼ੀਆਂ ਹਨ। ਇਸ ਜਥੇਬੰਦਕ ਤਜ਼ਰਬੇ ਨੇ ਦੁਨੀਆ ਭਰ ਦੇ ਲੋਕ-ਘੋਲਾਂ ਨੂੰ ਨਵੀਂ ਸੇਧ ਦਿੱਤੀ ਹੈ। ਇਸ ਲੋਕ ਏਕੇ ਨੂੰ ਸਾਡਾ ਸਲਾਮ ਕਰਨਾ ਬਣਦਾ ਹੈ।
ਉਧਰ ਰਿਲਾਇੰਸ ਮਾਲ 'ਤੇ ਲੱਗਿਆ ਹੋਇਆ ਧਰਨਾ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ ਮੇਜਰ ਸਿੰਘ, ਭਜਨ ਸਿੰਘ, ਤੇਜ਼ਾ ਸਿੰਘ, ਜਗਦੇਵ ਸਿੰਘ, ਬਲਜਿੰਦਰ ਸਿੰਘ, ਵਿੱਕੀ, ਗੁਰਦੇਵ ਸਿੰਘ, ਰਾਜ ਸਿੰਘ ਬਰਨਾਲਾ, ਨਾਜਰ ਸਿੰਘ ਨੇ ਸੰਬੋਧਨ ਕੀਤਾ।
ਅੱਜ ਠੀਕਰੀਵਾਲਾ ਦੀ ਸੰਗਤ ਦੇ ਲੰਗਰ ਦੀ ਸੇਵਾ ਨਿਭਾਈ। ਨਰਿੰਦਰਪਾਲ ਸਿੰਗਲਾ ਤੇ ਤੇਜਾ ਸਿੰਘ ਠੀਕਰੀਵਾਲਾ ਨੇ ਕਵਿਤਾਵਾਂ ਸੁਣਾਈਆਂ।