ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਬਿਜਲੀ ਬੋਰਡ ਨੇ ਲਗਾਇਆ ਵਿਸ਼ੇਸ਼ ਕੈਂਪ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਲੇਕੋਟਲਾ 21 ਸਤੰਬਰ 2021- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਮਾਲੇਰਕੋਟਲਾ ਵੱਲੋਂ ਐਕਸ਼ੀਅਨ ਆਮਿਰ ਅਸ਼ਰਫ ਦੀ ਰਹਿਨੁਮਾਈ 'ਚ ਉਪ ਮੰਡਲ ਦਫਤਰ ਸ਼ਹਿਰੀ-1 ਵਿਖੇ ਸ਼ਹਿਰ ਮਾਲੇਰਕੋਟਲਾ ਨਾਲ ਸਬੰਧਤ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ 'ਚ ਵੱਡੀ ਗਿਣਤੀ ਉਪਭੋਗਤਾਵਾਂ ਨੇ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਬਿਜਲੀ ਅਫਸਰਾਂ ਦੇ ਸਾਹਮਣੇ ਰੱਖੀਆਂ ਅਤੇ ਉਨ੍ਹਾਂ ਦਾ ਨਿਪਟਾਰਾ ਕਰਵਾਇਆ।
ਉਕਤ ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਧਾਰੇ ਇੰਜਨੀਅਰ ਤੇਜ ਬਾਂਸਲ ਐਸ.ਈ ਬਰਨਾਲਾ, ਇੰਜਨੀਅਰ ਬੇਅੰਤ ਸਿੰਘ ਐਕਸ਼ੀਅਨ ਟੈਕ. ਬਰਨਾਲਾ ਅਤੇ ਇੰਜਨੀਅਰ ਆਮਿਰ ਅਸ਼ਰਫ ਸੀਨੀਅਰ ਐਕਸ਼ੀਅਨ ਮਾਲੇਰਕੋਟਲਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਨਾਲ ਜਿੱਥੇ ਇੱਕ ਪਾਸੇ ਉਪਭੋਗਤਾਵਾਂ ਨੂੰ ਕਾਫੀ ਰਾਹਤ ਮਿਲਦੀ ਹੈ ਉੱਥੇ ਹੀ ਦੂਜੇ ਪਾਸੇ ਮਹਿਕਮੇ ਦੀਆਂ ਬਕਾਇਆ ਖੜੀਆਂ ਵੱਡੀਆਂ ਰਕਮਾਂ ਦੀ ਵੀ ਉਗਰਾਹੀ ਹੋ ਜਾਂਦੀ ਹੈ ਜਿਸ ਨਾਲ ਮਹਿਕਮੇ ਨੂੰ ਕਾਫੀ ਮਾਲੀ ਮਦਦ ਮਿਲਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜਨੀਅਰ ਅਬਦੁਲ ਸੱਤਾਰ ਐਸ.ਡੀ.ਓ ਦਿਹਾਤੀ ਮਾਲੇਰਕੋਟਲਾ, ਇੰਜਨੀਅਰ ਰਾਜਿੰਦਰ ਸਿੰਘ ਐਸ.ਡੀ.ਓ ਸ਼ਹਿਰੀ-1, ਇੰਜਨੀਅਰ ਪ੍ਰਿੰਸ ਕੁਮਾਰ ਐਸ.ਡੀ.ਓ ਸ਼ਹਿਰੀ-2, ਨਿਰਮਲ ਸਿੰਘ ਸੋਹੀ, ਬਲਵੀਰ ਸਿੰਘ, ਅਬਦੁਲ ਲਤੀਫ, ਆਮਿਰ ਸੁਲੇਮਾਨ, ਵਿਪੁਲ ਕੁਮਾਰ ਅਤੇ ਕੇਸਰ ਸਿੰਘ (ਸਾਰੇ ਜੇ.ਈ) ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰਸਟ ਚੌਧਰੀ ਮੁਹੰਮਦ ਬਸ਼ੀਰ, ਕੌਂਸਲਰ ਫਾਰੂਕ ਅਨਸਾਰੀ ਅਤੇ ਸਾਬਕਾ ਕੌਂਸਲਰ ਮੁਮਤਾਜ਼ (ਤਾਜ) ਆਦਿ ਹਾਜ਼ਰ ਸਨ।