ਇਤਿਹਾਸਕ ਰਾਮਬਾਗ (ਕੰਪਨੀ ਬਾਗ) ਦਾ ਕਰੋੜਾਂ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ ਵਿਕਾਸ
ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਇਤਿਹਾਸਕ ਰਾਮਬਾਗ(ਕੰਪਨੀ ਬਾਗ) ਦਾ ਨਿਗਮ ਅਧਿਕਾਰੀਆਂ ਨਾਲ ਕੀਤਾ ਗਿਆ ਦੌਰਾ, ਸਮਾਂਬੱਧ ਤਰੀਕੇ ਨਾਲ ਸਾਰੇ ਕੰਮ ਮੁਕੰਮਲ ਕਰਨ ਦੀਆਂ ਮੌਕੇ ਤੇ ਦਿੱਤੀਆਂ ਹਦਾਇਤਾਂ :
ਅੰਮ੍ਰਿਤਸਰ, ਬਾਬੂਸ਼ਾਹੀ ਨੈੱਟਵਰਕ, 21 ਸਤੰਬਰ, 2021-ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਇਤਿਹਾਸਕ ਰਾਮਬਾਗ(ਕੰਪਨੀ ਬਾਗ) ਦਾ ਨਿਗਮ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ ਅਤੇ ਸ਼ਹਿਰਵਾਸੀਆਂ ਦੀ ਸਹੁਲਤ ਲਈ ਬਾਗ ਦੇ ਸਮੁੱਚੇ ਵਿਕਾਸ ਲਈ ਚਲਾਏ ਜਾ ਰਹੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਸਾਰੇ ਵਿਕਾਸਕਾਰਜ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਲਈ ਮੌਕੇ ਤੇ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਤੇ ਮੇਅਰ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰਾਮਬਾਗ ਰਾਰਡਨ ਵਿਖੇ ਕੰਮ ਕਰਨ ਵਾਲੇ ਕਰਮਚਾਰੀ ਸਫਾਈ ਦਾ ਕੰਮ ਦਰੁਸਤ ਨਹੀਂ ਕਰ ਰਹੇ ਜਿਸ ਕਰਕੇ ਉਹਨਾਂ ਨੇ ਅੱਜ ਅਧਿਕਾਰੀਆਂ ਨਾਲ ਕੰਪਨੀ ਬਾਗ ਦਾ ਔਚਕ ਦੌਰਾ ਕੀਤਾ ਹੈ ਅਤੇ ਮੌਕੇ ਤੇ ਗੈਰ ਹਾਜ਼ਰ ਕਰਮਚਾਰੀਆਂ ਦੀ ਸੂਚਨਾ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਬਣਦੀ ਅਨੁਸ਼ਾਸਨਿਕ ਕਾਰਵਾਈ ਕਰਨ ਲਈ ਦੇ ਦਿੱਤੀ ਗਈ ਹੈ। ਮੇਅਰ ਨੇ ਕਿਹਾ ਕਿ ਕੰਪਨੀ ਬਾਗ ਦੀ ਸਾਫ ਸਫਾਈ ਤੇ ਰੱਖ ਰਖਾਵ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਗਭਗ 55 ਸਫਾਈ ਸੇਵਕ, ਮਾਲੀ ਆਦਿ ਇਸ ਬਾਗ ਦੀ ਸੇਵਾ ਅਤੇ ਰੱਖ-ਰਖਾਵ ਲਈ ਲਗਾਏ ਗਏ ਹਨ।
ਮੇਅਰ ਨੇ ਕਿਹਾ ਕੰਪਨੀ ਬਾਗ ਦੀ ਖੂਬਸੂਰਤੀ ਲਈ ਤਿੰਨ ਹਜ਼ਾਰ ਬੂਟੇ ਹਰ ਮਹੀਨੇ ਲਗਾਏ ਜਾਣਗੇ ਜੋ ਕਿ ਖੁਦ ਉਨ੍ਹਾਂ ਦੀ ਦੇਖ ਰੇਖ ਹੇਠ ਸਾਰਾ ਕੰਮ ਹੋਵੇਗਾ। ਉਹਨਾਂ ਕਿਹਾ ਕਿ ਸਾਡਾ ਮੁੱਖ ਮੰਤਵ ਸ਼ਹਿਰਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਬਾਗ ਦੇ ਰੱਖ ਰਖਾਵ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ ਜਿਸ ਵਿੱਚ ਬਕਾਇਦਾ ਸਫਾਈ ਸੇਵਕਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ, ਸੈਰ ਕਰਨ ਵਾਲੀਆਂ ਸੜਕਾਂ ਦੀ ਸਫਾਈ ਕਰਕੇ ਉਨ੍ਹਾਂ ਦੇ ਕਿਨਾਰਿਆਂ ਤੇ ਨਵੇਂ ਬੂਟੇ ਲਗਾਏ ਗਏ ਹਨ ਅਤੇ ਅਗਾਂਹ ਵੀ ਲਗਾਏ ਜਾ ਰਹੇ ਹਨ, ਕੱਚੀਆਂ ਥਾਵਾਂ ਨੂੰ ਲੋੜ ਅਨੁਸਾਰ ਪੱਕਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਬਾਗ ਦੇ ਵਿੱਚ ਮਿੰਨੀ ਹਾਈਮਾਸਟ ਲਾਈਟਾਂ ਲਗਾਈਆਂ ਗਈਆਂ ਹਨ ਜਿਸ ਨਾਲ ਸੈਰ ਕਰਨ ਵਾਲਿਆਂ ਨੂੰ ਕਾਫੀ ਸਹੂਲਤ ਮਿਲੀ ਹੈ। ਇਸ ਦੇ ਨਾਲ ਹੀ ਗੱਡੀਆਂ ਦੀ ਪਾਰਕਿੰਗ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਹਨ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਕੰਪਨੀ ਬਾਗ ਵਿੱਚ ਕਰੀਬ 150 ਤੋਂ 200 ਸਾਲ ਪੁਰਾਣੇ ਦਰੱਖਤ ਹਨ ਜਿਨ੍ਹਾਂ ਦੇ ਰੱਖ ਰਖਾਵ ਲਈ ਵੱਖਰੀ ਟੀਮ ਰੱਖੀ ਗਈ ਹੈ ਜੋ ਕਿ ਇਨ੍ਹਾਂ ਦਾ ਖਾਸ ਧਿਆਨ ਰੱਖਦੀ ਹੈ। ਮੇਅਰ ਨੇ ਕਿਹਾ ਕਿ ਕੰਪਨੀ ਬਾਗ ਦੀ ਦਿੱਖ ਨੂੰ ਪ੍ਰਭਾਵੀ ਬਨਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਮਿਊਜੀਕਲ ਫੁਵਾਰੇ ਅਤੇ ਕੰਪਨੀ ਬਾਗ ਦੀ ਚਾਰ ਦੀਵਾਰੀ ਵਧੀਆਂ ਗਰਿਲ ਨਾਲ ਕੀਤੀ ਜਾ ਰਹੀ ਹੈ।
ਮੇਅਰ ਨੇ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸੈਰ ਕਰਨ ਵਾਲੇ ਸ਼ਹਿਰਵਾਸੀ ਵੀ ਕੰਪਨੀ ਬਾਗ ਵਿਖੇ ਸੈਰ ਕਰਨ ਮੌਕੇ ਕੰਪਨੀ ਬਾਗ ਦੀ ਖੂਬਸੂਰਤੀ ਅਤੇ ਰੱਖ ਰਖਾਵ ਬਣਾਏ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ।
ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਸੁਖਅੰਮ੍ਰਿਤ ਸਿੰਘ, ਜੇ.ਈ. ਰਮਨ ਕੁਮਾਰ ਆਦਿ ਹਾਜ਼ਰ ਸਨ।