ਕਮਲਦੀਪ ਸੈਣੀ ਨੇ ਚੰਨੀ, ਰੰਧਾਵਾ ਅਤੇ ਸੋਨੀ ਨੂੰ ਗੁਲਦਸਤਾ ਭੇਟ ਕਰਕੇ ਦਿੱਤੀ ਵਧਾਈ
ਸਕੱਤਰੇਤ ਵਿੱਚ ਕੁਰਸੀ ਸੰਭਾਲਣ ਮੌਕੇ ਦਿੱਤੀ ਵਧਾਈ
ਖਰੜ, ਬਾਬੂਸ਼ਾਹੀ ਨੈੱਟਵਰਕ, 21 ਸਤੰਬਰ 2021-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸੈਣੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਪ ਮੁੱਖ ਮੰਤਰੀ ਸ਼੍ਰੀ ਓ ਪੀ ਸੋਨੀ ਨੂੰ ਬੀਤੇ ਕੱਲ੍ਹ ਸਕੱਤਰੇਤ ਵਿੱਚ ਕੁਰਸੀ ਸੰਭਾਲਣ ਮੌਕੇ ਗੁਲਦਸਤਾ ਭੇਂਟ ਕਰਕੇ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਰਹਿ ਚੁੱਕੇ ਹਨ ਅਤੇ ਬਤੌਰ ਸਹਿਕਾਰੀ ਖੇਤੀਬਾਡ਼ੀ ਬੈਂਕ ਦੇ ਚੇਅਰਮੈਨ ਕਮਲਦੀਪ ਸੈਣੀ ਉਨ੍ਹਾਂ ਦੇ ਕਾਫੀ ਨੇੜੇ ਮੰਨੇ ਜਾਂਦੇ ਹਨ।
ਨਵੀਂ ਬਣੀ ਸਰਕਾਰ ਤੇ ਪ੍ਰਤੀਕਰਮ ਦਿੰਦਿਆਂ ਕਮਲਦੀਪ ਸੈਣੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਇਕ ਦਲਿਤ ਵਰਗ ਦੇ ਵਿਅਕਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ। ਅਜਿਹਾ ਕਾਂਗਰਸ ਪਾਰਟੀ ਵਿੱਚ ਹੀ ਸੰਭਵ ਹੈ ਜਿੱਥੇ ਇਕ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਇੱਕ ਹਿੰਦੂ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਬੋਲਦਿਆਂ ਕਮਲਦੀਪ ਸੈਣੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਬਹੁਤ ਵਧੀਆ ਫ਼ੈਸਲਾ ਲਿਆ ਹੈ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਾਂਹਵਧੂ ਸੋਚ ਅਤੇ ਸਕਾਰਾਤਮਕ ਸਿਆਸਤ ਪੰਜਾਬ ਲਈ ਬਹੁਤ ਲਾਹੇਵੰਦ ਹੋਵੇਗੀ।
ਸੈਣੀ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਨੂੰ ਕਿਸਾਨ ਅਤੇ ਗਰੀਬ ਹਿਤੈਸ਼ੀ ਦੱਸਦਿਆਂ ਕਿਹਾ ਕਿ ਵਿਰੋਧੀ ਦਲ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਾਲੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਹੀ ਕਰ ਰਹੀਆਂ ਸਨ ਪਰ ਕਾਂਗਰਸ ਪਾਰਟੀ ਨੇ ਇਹ ਸੱਚ ਕਰ ਵਿਖਾਇਆ। ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸਭ ਨੂੰ ਬਿਨ੍ਹਾਂ ਕਿਸੇ ਵਿਤਕਰੇ ਦੇ ਸਭ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।