ਮੁੱਖ ਮੰਤਰੀ ਚੰਨੀ ਤੋਂ ਰੂਪਨਗਰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਦੀਆਂ ਭਾਰੀ ਉਮੀਦਾਂ –ਸਤਿੰਦਰ ਨਾਗੀ
ਪੋਜੇਵਾਲ ਇਲਾਕੇ ਨੂੰ ਰੂਪਨਗਰ ਨਾਲ ਜੋਡ਼ਨ ਦੀ ਮੰਗ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ 21 ਸਤੰਬਰ 2021- ਸਿਟੀ ਕਾਂਗਰਸ ਰੂਪਨਗਰ ਦੇ ਪ੍ਧਾਨ ਸਤਿੰਦਰ ਨਾਗੀ, ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ, ਐਡਵੋਕੇਟ ਧੀਰਜ ਕੌਸ਼ਲ, ਸੰਜੇ ਪ੍ਤਾਪ ਜੈਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਸਿਟੀ ਕਾਂਗਰਸ ਪ੍ਧਾਨ ਸਤਿੰਦਰ ਨਾਗੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਰੂਪਨਗਰ ਜ਼ਿਲ੍ਹੇ ਦਾ ਮਾਣ ਵਧਿਆ ਹੈ ਅਤੇ ਪੂਰੀ ਉਮੀਦ ਹੈ ਕਿ ਜਿਲ੍ਹੇ ਦਾ ਸਰਬਪੱਖੀ ਵਿਕਾਸ ਹੋਏਗਾ। ਸਤਿੰਦਰ ਨਾਗੀ ਨੇ ਮੁੱਖ ਮੰਤਰੀ ਚੰਨੀ ਤੋਂ ਮੰਗ ਕੀਤੀ ਹੈ ਕਿ ਰੂਪਨਗਰ ਜ਼ਿਲ੍ਹੇ ਵਿਚ ਪੈਂਦੇ ਨੂਰਪੁਰ ਬੇਦੀ ਦੇ ਨਾਲ ਲੱਗਦੇ ਪੋਜੇਵਾਲ, ਇਲਾਕੇ ਨੂੰ ਰੂਪਨਗਰ ਜ਼ਿਲ੍ਹੇ ਵਿਚ ਸ਼ਾਮਲ ਕੀਤਾ ਜਾਵੇ। ਪੋਜੋਵਾਲ ਇਲਾਕੇ ਵਿਚ ਇੰਡਸਟਰੀ ਲਗਾਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਇਸ ਨਾਲ ਰੂਪਨਗਰ ਜ਼ਿਲ੍ਹੇ ਦਾ ਹੋਰ ਵੀ ਵਿਕਾਸ ਹੋਏਗਾ। ਸਤਿੰਦਰ ਨਾਗੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਰੂਪਨਗਰ ਸ਼ਹਿਰ ਨੂੰ ਸੁੰਦਰ ਸ਼ਹਿਰ ਬਣਾਉਣ ਲਈ ਗ੍ਰਾਂਟਾਂ ਦੇ ਖੁੱਲੇ ਗੱਫੇ ਦਿੱਤੇ ਜਾਣ ਅਤੇ ਸੱਚ ਵਿਚ ਹੀ ਰੂਪਨਗਰ ਦਾ ਰੂਪ ਨਿਖਾਰਿਆ ਜਾਏ । ਰੂਪਨਗਰ ਵਿਖੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਬੋਟ ਕਲੱਬ ਦਾ ਦੁਬਾਰਾ ਨਿਰਮਾਣ ਕੀਤਾ ਜਾਏ ਅਤੇ ਸਤਲੁਜ ਦਰਿਆ ਦੇ ਨਾਲ ਲੱਗਦੀ ਕੌਮਾਂਤਰੀ ਵੈਟਲੈਂਡ ਦੀ ਸਹੀ ਢੰਗ ਨਾਲ ਸੰਭਾਲ ਕੀਤੀ ਜਾਏ।