ਮੁੜ ਘੱਟ ਗਿਣਤੀ ਦੀ ਸਰਕਾਰ ਬਣਾਉਣਗੇ ਜਸਟਿਨ ਟਰੂਡੋ
ਕਮਲਜੀਤ ਬੁੱਟਰ
- ਪਿਛਲੀ ਵਾਰ ਨਾਲ਼ੋਂ ਲਿਬਰਲ ਪਾਰਟੀ ਦੀ ਇਕ ਸੀਟ ਵੱਧਣ ਦੇ ਆਸਾਰ
- ਨਤੀਜੇ ਤਕੀਰਬਨ ਸਪਸ਼ਟ ਹਨ ਪਰ ਕੁੱਝ ਸੀਟਾਂ ‘ਤਟ ਗਿਣਤੀ ਹਾਲੇ ਵੀ ਜਾਰੀ
ਕੈਲਗਰੀ, 21 ਸਤੰਬਰ 2021 : ਕੈਨੇਡਾ ਦੀ 44ਵੀਂ ਸੰਸਦ ਚੁਣਨ ਵਾਸਤੇ ਪਈਆਂ ਵੋਟਾਂ ਵਿੱਚ ਲਿਬਰਲ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਘੱਟ ਗਿਣਤੀ ਸਰਕਾਰ ਬਣਾਉਣ ਦਾ ਫ਼ਤਵਾ ਲੋਕਾਂ ਵੱਲੋਂ ਦਿੱਤਾ ਗਿਆ ਹੈ। ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਸਰਕਾਰ ਤੀਸਰੀ ਵਾਰ ਬਣੇਗੀ। ਕੈਲਗਰੀ ਦੀਆਂ 10 ਸੰਸਦੀ ਸੀਟਾਂ ਵਿਚੋਂ 9 ਉੱਪਰ ਕੰਜ਼ਰਵੇਟਿਵ ਪਾਰਟੀ ਕਾਬਿਜ਼ ਰਹੀ ਜਦੋਂ ਕਿ ਕੈਲਗਰੀ-ਸਕਾਇਵਿਊ ਤੋਂ ਜੌਰਜ ਚਾਹਲ ਨੇ ਲਾਲ ਝੰਡਾ ਲਹਿਰਾ ਦਿੱਤਾ ਹੈ।
ਸਾਲ 2019 ਵਿੱਚ ਆਏ ਚੋਣ ਨਤੀਜਿਆਂ ਤੋਂ ਇਸ ਵਾਰ ਦੇ ਨਤੀਜੇ ਵੱਖਰੇ ਨਹੀਂ ਰਹੇ ਅਤੇ ਲਿਬਰਲਜ਼ ਨੂੰ ਪਿਛਲੀ ਵਾਰ 157 ਸੀਟਾਂ ਮਿਲੀਆਂ ਸਨ ਜਦੋਂ ਇਸ ਸਾਲ 158 ਸੀਟਾਂ ਮਿਲ ਰਹੀਆਂ ਜਾਪਦੀਆਂ ਹਨ। ਕੰਜ਼ਰਵੇਟਿਵਜ਼ ਨੂੰ ਪਿਛਲੀ ਵਾਰ 121 ਸੀਟਾਂ ਮਿਲੀਆਂ ਸਨ ਜਦੋਂ ਇਕ ਇਸ ਵਾਰੀ ਵੀ ਉਹਨਾਂ ਦੀ ਝੋਲੀ ਵਿੱਚ 119 ਸੀਟਾਂ ਹੀ ਪਈਆਂ ਹਨ। ਬਲੌਕ ਕਿਉਬੈਕਵਾ ਦੀਆਂ ਪਿਛਲੀ ਵਾਰ ਆਈਆਂ 32 ਸੀਟਾਂ ਦੇ ਮੁਕਾਬਲੇ ਇਸ ਵਾਰ 34 ਸੀਟਾਂ ਆ ਗਈਆਂ ਜਦੋਂ ਕਿ ਐਨਡੀਪੀ ਨੂੰ ਪਿਛਲੀ ਵਾਰ 24 ਸੀਟਾਂ ਮਿਲੀਆਂ ਸਨ ਤੇ ਇਸ ਵਾਰ ਉਹ ਆਪਣੀ 1 ਸੀਟ ਵਧਾ ਕੇ 25 ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਨ।
ਗ੍ਰੀਨ ਪਾਰਟੀ ਨੂੰ ਪਿਛਲੀ ਵਾਰ 3 ਸੀਟਾਂ ਮਿਲੀਆਂ ਸਨ ਤੇ ਇਸ ਵਾਰ ਉਹਨਾਂ ਕੋਲ ਦੋ ਹੀ ਸੀਟਾਂ ਰਹਿ ਗਈਆਂ ਹਨ। ਪੀਪਲਜ਼ ਪਾਰਟੀ ਦਾ ਖਾਤਾ ਨਹੀਂ ਖੁਲ੍ਹਿਆ ਤੇ ਉਹਨਾਂ ਦੇ ਲੀਡਰ ਮੈਕਸਿਮ ਬਰਨੀਏ ਆਪਣੀ ਸੀਟ ਵੀ ਹਾਰ ਗਏ। ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਨੂੰ ਵੀ ਆਪੋਣੀ ਹਾਰ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਐਡਮੰਟਨ ਦੀਆਂ ਦੋ ਸੀਟਾਂ ‘ਤੇ ਐਨਡੀਪੀ ਨੂੰ ਕਾਮਯਾਬੀ ਮਿਲੀ ਹੈ ਜਦੋਂ ਕਿ ਐਡਮੰਟਨ ਸੈਂਟਰਲ ਤੋਂ ਮੁਕਾਬਲਾ ਫਸ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਲੋਅਰ ਮੇਨਲੈਂਡ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਲਿਬਰਲਜ਼ ਅਤੇ ਐਨਡੀਪੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਐਲਬਰਟਾ ਵਿੱਚ ਕੰਜ਼ਰਵੇਟਿਵ ਵੋਟ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ 14% ਦੀ ਕਮੀ ਦਰਜ ਕੀਤੀ ਗਈ ਹੈ। ਐਲਬਰਟਾ ਦੀਆਂ 34 ਸੀਟਾਂ ਵਿੱਚੋਂ ਕੰਜ਼ਰਵੇਟਿਵ ਪਾਰਟੀ ਨੂੰ ਪਿਛਲੀਆਂ 33 ਸੀਟਾਂ ਦੇ ਮੁਕਾਬਲੇ ਇਸ ਵਾਰ 30 ਸੀਟਾਂ ਆਈਆਂ ਹਨ। ਦੋ ਸੀਟਾਂ ਲਿਬਰਲਜ਼ ਨੂੰ ਅਤੇ 2 ਐਨਡੀਪੀ ਨੂੰ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 13, ਲਿਬਰਲਜ਼ ਅਤੇ ਐਨਡੀਪੀ ਨੂੰ 14-14 ਅਤੇ ਗ੍ਰੀਨ ਪਾਰਟੀ ਨੂੰ ਇਕ ਸੀਟ ਮਿਲੀ ਹੈ। ਓਂਟੈਰੀਓ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 37, ਲਿਬਰਲਜ਼ ਨੂੰ 77, ਐਨਡੀਪੀ ਨੂੰ 6 ਅਤੇ ਗ੍ਰੀਨ ਪਾਰਟੀ ਨੂੰ ਇਕ ਸੀਟ ਮਿਲੀ ਹੈ। ਕਿਉਬੈਕ ਵਿੱਚ ਬਲੌਕ ਕਿਉਬੈਕਵਾ ਨੂੰ 34, ਕੰਜ਼ਰਵੇਟਿਵਜ਼ ਨੂੰ 10, ਲਿਬਰਲਜ਼ ਨੂੰ 33, ਐਨਡੀਪੀ ਨੂੰ ਇਕ ਸੀਟ ਹਾਸਲ ਹੋਈ ਹੈ। ਸੈਸਕੈਚੇਵਾਨ ਦੀਆਂ ਸਾਰੀਆਂ 14 ਸੀਟਾਂ ਕੰਜ਼ਰਵੇਟਿਵ ਪਾਰਟੀ ਹੂੰਝ ਲੈ ਗਈ ਹੈ। ਮੈਨਿਟੋਬਾ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 7, ਲਿਬਰਲਜ਼ ਨੂੰ 4 ਅਤੇ ਐਨਡੀਪੀ ਨੂੰ 3 ਸੀਟਾਂ ਮਿਲੀਆਂ ਹਨ।