ਕੈਨੇਡਾ: ਐਡਮੰਟਨ ‘ਚ ਟਿਮ ਉੱਪਲ਼ ਦੀ ਮੁੜ ਸਰਦਾਰੀ ਕਾਇਮ
ਕਮਲਜੀਤ ਬੁੱਟਰ
- ਟਿਮ ਉੱਪਲ਼ ਲਗਾਤਾਰ ਦੂਜੀ ਵਾਰ ਇਸ ਹਲਕੇ ਤੋਂ ਚੋਣ ਜਿੱਤੇ
ਕੈਲਗਰੀ, 21 ਸਤੰਬਰ 2021 : ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਹਲਕੇ ਮਿਲਵੁਡਸ ਤੋਂ ਟਿਮ ਉੱਪਲ ਨੇ ਮੁੜ ਜਿੱਤ ਪ੍ਰਾਪਤ ਕੀਤੀ ਹੈ, ਉਹ ਇਸ ਹਲਕੇ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਹਨ ਪਰ ਉਹ ਇਸ ਹਲਕੇ ‘ਚ ਕੋਈ ਨਵੇਂ ਨਹੀਂ ਹਨ ਉਹ ਲੰਬੇ ਸਮੇਂ ਤੋਂ ਇਸ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ। ਪਿਛਲੀਆਂ ਚੋਣਾਂ ਦੀ ਤਰਾਂ ਇਸ ਵਾਰ ਵੀ ਮੁਕਾਬਲਾ ਸਖ਼ਤ ਸੀ ਪਰ ਹਲਕੇ ‘ਚ ਕੀਤੇ ਕੰਮਾਂ ਦੀ ਬਦੌਲਤ ਟਿਮ ਉੱਪਲ਼ ਮੁੜ ਚੋਣ ਜਿੱਤ ਗਏ ਹਨ। ਇਸ ਚੋਣ ‘ਚ ਉਨ੍ਹਾਂ ਨੇ 17324 ਵੋਟਾਂ ਪ੍ਰਾਪਤ ਕੀਤੀਆਂ ਤੇ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ 15413 ਵੋਟਾਂ ਹੀ ਪ੍ਰਾਪਤ ਹੋਈਆਂ।
ਰਾਜਧਾਨੀ ਐਡਮੰਟਨ ਦੀ ਐਡਮੰਟਨ-ਸੈਂਟਰ ਰਾਇਡਿੰਗ ਤੋਂ ਮੁਕਾਬਲਾ ਫਸ ਗਿਆ ਹੈ ਤੇ ਇਸ ਸੀਟ ਦਾ ਨਤੀਜਾ ਨਹੀਂ ਐਲਾਨਿਆ ਗਿਆ ਹੈ। ਇਥੋਂ ਪਹਿਲਾਂ ਐਮਪੀ ਰਹਿ ਚੁੱਕੇ ਲਿਬਰਲ ਪਾਰਟੀ ਦੇ ਰੈਂਡੀ ਬੌਇਜ਼ਨਾਉ ਨੂੰ 15454 ਵੋਟਾਂ ਮਿਲੀਆਂ ਹਨ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਦੇ ਮਜੂਦਾ ਐਮਪੀ ਜੇਮਜ਼ ਕਮਿੰਗ ਨੂੰ 15318 ਵੋਟਾਂ ਮਿਲੀਆਂ ਹਨ। ਵੋਟਾਂ ਦਾ ਫ਼ਰਕ ਸਿਰਫ਼ 136 ਹੋਣ ਕਰਕੇ ਅਤੇ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਹੋਣ ਨੂੰ ਵੇਖਦਿਆਂ ਇਸ ਸੀਟ ਤੋਂ ਨਤੀਜਾ ਰੋਕਿਆ ਗਿਆ ਹੈ। ਐਡਮੰਟਨ ਗ੍ਰੀਸਬੈਕ ਰਾਇਡਿੰਗ ਤੋਂ ਐਨਡੀਪੀ ਦੇ ਬਲੇਕ ਡੈਜਾਰਲਾਇ ਨੂੰ 16582 ਵੋਟਾਂ ਮਿਲੀਆਂ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਉਮੀਦਵਾਰ ਕੈਰੀ ਡਿਓਟ ਨੂੰ 15565 ਵੋਟ ਮਿਲੇ ਹਨ। 1017 ਵੋਟਾਂ ਦਾ ਫ਼ਰਕ ਹੈ ਤੇ ਇਸ ਸੀਟ ਤੋਂ ਵੀ ਨਤੀਜੇ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਐਡਮੰਟਨ ਸਟਰੈਥਾਕੋਨਾ ਤੋਂ ਐਨਡੀਪੀ ਉਮੀਦਵਾਰ ਹੈਦਰ ਮੈਕਫ਼ਰਸਨ ਨੇ 29589 ਵੋਟਾਂ ਲੈ ਕੇ ਕੰਜ਼ਰਵੇਟਿਵ ਪਾਰਟੀ ਉਮੀਦਵਾਰ ਟੰਡ ਓਬੇਸੈਨ ਨੂੰ ਹਰਾਇਆ। ਉਹਨਾਂ ਨੂੰ 12808 ਵੋਟ ਮਿਲੇ।