ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਦਾ ਪੁੱਛਗਿੱਛ ਲਈ ਦੋ ਦਿਨ ਦਾ ਹੋਰ ਰਿਮਾਂਡ
ਹਰੀਸ਼ ਕਾਲੜਾ
ਰੂਪਨਗਰ , 21 ਸਤੰਬਰ 2021: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਪਰਮਜੀਤ ਸਿੰਘ ਦਾ ਪੁੱਛਗਿੱਛ ਲਈ ਅੱਜ ਪੁਲੀਸ ਵੱਲੋਂ ਦੋ ਦਿਨ ਦਾ ਹੋਰ ਰਿਮਾਂਡ ਲੈ ਲਿਆ ਗਿਆ । ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਪੀਪੀਐੱਸ ਦੀ ਅਗਵਾਈ ਵਿਚ ਅੱਜ ਸਵੇਰੇ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਸੁਰਿੰਦਰ ਕੌਰ ਦੀ ਅਦਾਲਤ ਵਿੱਚ ਕਥਿਤ ਦੋਸ਼ੀ ਪਰਮਜੀਤ ਸਿੰਘ ਨੂੰ ਪੇਸ਼ ਕੀਤਾ ਗਿਆ । ਪੇਸ਼ ਕਰਨ ਦੇ ਸਮੇਂ ਪੁਲੀਸ ਵੱਲੋਂ ਇੰਨੇ ਕੁ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਕਿ ਪੱਤਰਕਾਰਾਂ ਨੂੰ ਵੀ ਪਰਮਜੀਤ ਸਿੰਘ ਦੇ ਲਾਗੇ ਨਹੀਂ ਜਾਣ ਦਿੱਤਾ ਗਿਆ ।
ਦੱਸਣਾ ਬਣਦਾ ਹੈ ਕਿ ਬੀਤੀ ਤੇਰਾਂ ਸਤੰਬਰ ਨੂੰ ਤੜਕੇ ਸਾਢੇ ਚਾਰ ਵਜੇ ਦੋਸ਼ੀ ਪਰਮਜੀਤ ਸਿੰਘ ਵੱਲੋਂ ਤਖ਼ਤ ਸ੍ਰੀ ਕੇਸਗਡ੍ਹ਼ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਆਸਣ ਦੇ ਬਿਲਕੁਲ ਸਾਹਮਣੇ ਨਿਰਾਦਰੀ ਕਰਨ ਦੀ ਭਾਵਨਾ ਦੇ ਨਾਲ ਸਿਗਰਟ ਦਾ ਟੁਕੜਾ ਸੁੱਟ ਕੇ ਧੂੰਆਂ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਪੁਲੀਸ ਮੁਲਾਜ਼ਮ ਰਣਬੀਰ ਸਿੰਘ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੁਲੀਸ ਵੱਲੋਂ ਉਸ ਦੇ ਉੱਤੇ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ਤੋਂ ਪੁੱਛਗਿੱਛ ਲਈ ਇੱਕੀ ਸਤੰਬਰ ਤੱਕ ਦਾ ਰਿਮਾਂਡ ਲਿਆ ਹੋਇਆ ਸੀ।