ਮੁੱਖ ਮੰਤਰੀ ਚੰਨੀ ਤੇ ਦੋਵੇਂ ਡਿਪਟੀ ਸੀ ਐਮ ਵੱਲੋਂ ਅੰਬਿਕਾ ਸੋਨੀ ਤੇ ਕੇ ਸੀ ਵੇਨੂਗੋਪਾਲ ਨਾਲ ਮੁਲਾਕਾਤ
ਨਵੀਂ ਦਿੱਲੀ, 21 ਸਤੰਬਰ, 2021: ਪੰਜਾਬ ਦਾ ਮੁੱਖ ਮੰਤਰੀ ਬਣਨ ਮਗਰੋਂ ਆਪਣੀ ਪਹਿਲੀ ਦਿੱਲੀ ਫੇਰੀ ਦੌਰਾਨ ਚਰਨਜੀਤ ਸਿੰਘ ਚੰਨੀ ਤੇ ਦੋਵੇਂ ਡਿਪਟੀ ਸੀ ਐਮ ਓ ਪੀ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਇਥੇ ਪਹੁੰਚਣ ਮਗਰੋਂ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਤੇ ਫਿਰ ਕਾਂਗਰਸ ਦੇ ਸਕੱਤਰ ਕੇ ਸੀ ਵੇਨੂਗੋਪਾਲ ਨਾਲ ਮੁਲਾਕਾਤ ਕੀਤੀ ਗਈ।
ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਸਨ।
ਚੰਨੀ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਦੁਪਹਿਰ ਵੇਲੇ ਰਾਜਧਾਨੀ ਪੁੱਜਣ ਮਗਰੋਂ ਬਾਅਦ ਚੰਨੀ ਤੇ ਹੋਰ ਆਗੂਆਂ ਦਾ ਕਾਫਲਾ ਪਹਿਲਾਂ ਪੰਜਾਬ ਭਵਨ ਪੁੱਜਾ। ਇਥੋਂ ਉਹ ਪਹਿਲਾਂ ਅੰਬਿਕਾ ਸੋਨੀ ਨੁੰ ਮਿਲਣ ਗਏ ਤੇ ਫਿਰ ਵਾਪਸ ਪਰਤ ਆਏ। ਇਸ ਮਗਰੋਂ ਫਿਰ ਕੇ ਸੀ ਵੇਨੂਗੋਪਾਲ ਨੂੰ ਮਿਲਣ ਗਏ ਤੇ ਫਿਰ ਵਾਪਸ ਪਰਤ ਆਏ। ਉਹਨਾਂ ਦਾ ਦੌਰਾ ਕੱਲ੍ਹ ਵੀ ਜਾਰੀ ਰਹੇਗਾ ਜਾਂ ਨਹੀਂ, ਇਸ ਬਾਰੇ ਅਧਿਕਾਰਤ ਤੌਰ ’ਤੇ ਕੁਝ ਵੀ ਸਾਹਮਣੇ ਨਹੀਂ ਆਇਆ।
ਇਸ ਵੇਲੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਸ਼ਿਮਲਾ ਵਿਚ ਹਨ ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕੌਮੀ ਰਾਜਧਾਨੀ ਪਰਤ ਆਏ ਹਨ।
ਇਕ ਦਿਲਚਸਪ ਵੱਖਰੇਵਾਂ ਜੋ ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਵਿਚ ਵੇਖਣ ਨੁੰ ਮਿਲਿਆ, ਉਹ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਪੂਰਥਲਾ ਹਾਊਸ ਵਿਚ ਠਹਿਰਣ ਨੂੰ ਤਜਰੀਹ ਦਿੰਦੇ ਸਨ ਜਦਕਿ ਚੰਨੀ ਨੇ ਪੰਜਾਬ ਭਵਨ ਹੀ ਡੇਰੇ ਲਗਾਏ ਹਨ। ਮੁੱਖ ਮੰਤਰੀ ਤੇ ਮੰਤਰੀਆਂ ਲਈ ਠਹਿਰਣ ਵਾਸਤੇ ਪੰਜਾਬ ਭਵਨ ਵਿਚ ਏ ਬਲਾਕ ਵਿਚ ਪ੍ਰਬੰਧ ਹੈ ਜਦਕਿ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਤੇ ਹੋਰਨਾਂ ਦੇ ਠਹਿਰਣ ਦਾ ਪ੍ਰਬੰਧ ਬਲਾਕ ਬੀ ਵਿਚ ਹੁੰਦਾ ਹੈ।