ਨਿਊਯਾਰਕ ਦੇ ਸਕੂਲਾਂ ਵਿੱਚ ਹੋਵੇਗੀ ਹਫਤਾਵਾਰੀ ਕੋਵਿਡ-19 ਟੈਸਟਾਂ ਦੀ ਸ਼ੁਰੂਆਤ
ਗੁਰਿੰਦਰਜੀਤ ਨੀਟਾ ਮਾਛੀਕੇ, ਬਾਬੂਸ਼ਾਹੀ ਨੈੱਟਵਰਕ
ਫਰਿਜ਼ਨੋ (ਕੈਲੀਫੋਰਨੀਆ) 22 ਸਤੰਬਰ 2021-ਨਿਊਯਾਰਕ ਵਿਚਲੇ ਦੇਸ਼ ਦੇ ਸਭ ਤੋਂ ਵੱਡੇ ਸਕੂਲੀ ਡਿਸਟ੍ਰਿਕਟ 'ਚ ਬਿਨਾਂ ਕੋਰੋਨਾ ਟੀਕਾਕਰਨ ਵਾਲੇ ਵਿਦਿਆਰਥੀਆਂ ਦੀ ਹਫਤਾਵਾਰੀ ਰੈਂਡਮ ਕੋਵਿਡ -19 ਟੈਸਟ ਜਾਂਚ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਕਲਾਸਰੂਮਾਂ ਵਿੱਚ ਵਾਇਰਸ ਦੀ ਲਾਗ ਨੂੰ ਘੱਟ ਕੀਤਾ ਜਾ ਸਕੇ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲੇਸੀਓ ਨੇ ਸੋਮਵਾਰ ਨੂੰ ਇਸ ਯੋਜਨਾ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ਹਿਰ ਦੇ ਅਧਿਆਪਕਾਂ ਦੀ ਯੂਨੀਅਨ ਨੇ ਡੀ ਬਲਾਸੀਓ ਨੂੰ ਇੱਕ ਪੱਤਰ ਭੇਜ ਕੇ ਸੂਕਲ ਡਿਸਟ੍ਰਿਕਟ ਵਿੱਚ ਹਫਤਾਵਾਰੀ ਟੈਸਟਿੰਗ ਦੀ ਮੰਗ ਕੀਤੀ ਗਈ ਸੀ। ਇਸ ਦੇ ਇਲਾਵਾ ਮੇਅਰ ਨੇ ਸਕੂਲਾਂ ਲਈ ਕੁਆਰੰਟੀਨ ਨਿਯਮਾਂ ਵਿੱਚ ਬਦਲਾਅ ਦਾ ਵੀ ਐਲਾਨ ਕੀਤਾ ਹੈ। ਡੀ ਬਲੇਸੀਓ ਅਨੁਸਾਰ ਇਹ ਤਬਦੀਲੀਆਂ ਅਮਰੀਕੀ ਏਜੰਸੀ ਸੀ ਡੀ ਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੀਆਂ ਹਨ
ਨਿਊਯਾਰਕ ਪ੍ਰਸ਼ਾਸਨ ਅਨੁਸਾਰ ਨਵੇਂ ਨਿਯਮ 27 ਸਤੰਬਰ ਤੋਂ ਲਾਗੂ ਹੋਣਗੇ। ਇਹ ਦਿਨ ਸ਼ਹਿਰ ਦੇ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਸਟਾਫ ਲਈ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਲੈਣ ਦੀ ਵੀ ਅੰਤਮ ਤਾਰੀਖ ਹੈ। ਯੂਨਾਈਟਿਡ ਫੈਡਰੇਸ਼ਨ ਆਫ ਟੀਚਰਜ਼, ਜੋ ਕਿ ਲਗਭਗ 75,000 ਨਿਊਯਾਰਕ ਸਿਟੀ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਹੈ, ਨੇ ਮੇਅਰ ਦੇ ਹਫਤਾਵਾਰੀ ਟੈਸਟਿੰਗ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।