ਬਾਰਿਸ਼ਾਂ ਦੇ ਪਾਣੀ ਨਾਲ ਨਰਕ ਬਣਦੀ ਕਲੋਨੀ ਦੇ ਦੁੱਖ ਕੱਟਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 22 ਸਤੰਬਰ2021: ਬਠਿੰਡਾ ਦੇ ਨਿਕਾਸੀ ਪ੍ਰਬੰਧਾਂ ਨੇ ਸ਼ਹਿਰ ਦੀ ਪੁਰਾਣੇ ਅਤੇ ਪਾਸ਼ ਮੰਨੇ ਜਾਂਦੇ ਇਲਾਕੇ ‘ਕਮਲਾ ਨਹਿਰੂ ਕਲੋਨੀ’ ਨੂੰ ਨਰਕ ਦਾ ਨਮੂਨਾ ਬਣਾ ਦਿੱਤਾ ਹੈ ਜਿਸ ਦੇ ਹੱਲ ਨੂੰ ਲੈਕੇ ਕਲੋਨੀ ਵਾਸੀ ਐਕਸਨ ਕਮੇਟੀ ਦੇ ਝੰਡੇ ਹੇਠ ਲਾਮਬੰਦ ਹੋ ਗਏ ਹਨ। ਐਕਸ਼ਨ ਕਮੇਟੀ ਦੀ ਅਗਵਾਈ ਅਤੇ ਫੁਲਕਾਰੀ ਕਲੱਬ ਦੇ ਆਗੂਆਂ ਦੀ ਸ਼ਮੂਲੀਅਤ ਵਾਲੇ ਕਲੋਨੀ ਦੇ ਵਫਦ ਨੇ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਅਤੇ ਤਕਨੀਕੀ ਅਧਿਕਾਰੀਆਂ ਨੂੰ ਮਿਲ ਕੇ ਪਾਣੀ ਦਾ ਨਿਕਾਸ ਕਰਨਾ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਭਾਵੇਂ ਇਹ ਸਿਰਫ ਕਮਲਾ ਨਹਿਰੂ ਕਲੋਨੀ ਦਾ ਮਸਲਾ ਨਹੀਂ ਬਾਰਸ਼ਾਂ ਦੌਰਾਨ ਸਮੁੱਚਾ ਬਠਿੰਡਾ ਹੀ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ ਪਰ ਇਹ ਕਲੋਨੀ ਨੀਵਂੀ ਹੈ ਜਿਸ ਕਰਕੇ ਮੀਂਹ ਪੈਂਦਿਆਂ ਹੀ ਲੋਕਾਂ ਦੇ ਸਿਰ ਦਿੱਕਤਾਂ ਦੀ ਪੰਡ ਆ ਟਿਕਦੀ ਹੈ।
ਐਕਸ਼ਨ ਕਮੇਟੀ ਦੇ ਕਨਵੀਨਰ ਪੁਸ਼ਪ ਲਤਾ ਨੇ ਮੇਅਰ ਨੂੰ ਜਾਣੂੰ ਕਰਵਾਇਆ ਕਿ ਸ਼ਹਿਰੀਕਰਨ ਤੋਂ ਪਹਿਲਾਂ ਕਮਲਾ ਨਹਿਰੂ ਕਲੋਨੀ ਅਤੇ ਆਲੇ-ਦੁਆਲੇ ਦਾ ਰੇਤੀਲਾ ਇਲਾਕਾ ਬਰਸਾਤੀ ਪਾਣੀ ਨੂੰ ਜਜਬ ਕਰ ਲੈਂਦਾ ਸੀ ਅਤੇ ਵਾਧੂ ਪਾਣੀ ਡੀਏਵੀ ਕਾਲਜ ਦੇ ਟੋਭੇ ‘ਚ ਚਲਾ ਜਾਂਦਾ ਸੀ। ਇਸ ਤੋਂ ਬਾਅਦ ਉੱਘੇ ਕੰਕਰੀਟ ਦੇ ਜੰਗਲ ਨੇ ਰੇਤੀਲੀ ਧਰਤੀ ਖਾ ਲਈ ਤਾਂ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ। ਕਲੋਨੀ ਵਾਸੀ ਆਖਦੇ ਹਨ ਕਿ ਜਦੋਂ ਲੋਕ ਮੀਂਹ ਪੁਆਉਣ ਲਈ ਅਰਦਾਸਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਬੱਦਲਵਾਈ ਹੁੰਦਿਆਂ ਹੀ ਡੁੱਬਣ ਦਾ ਖਤਰਾ ਸਤਾਉਣ ਲੱਗ ਜਾਂਦਾ ਹੈ। ਬੀਬੀ ਪੁਸ਼ਪ ਲਤਾ ਨੇ ਦੱਸਿਆ ਕਿ ਇਸ ਇਲਾਕੇ ‘ਚ ਸੜਕਾਂ ਅਤੇ ਕਲੋਨੀਆਂ ਬਣਾਉਣ ਵੇਲੇ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਜਿਸ ਕਾਰਣ ਹੁਣ ਬਰਸਾਤਾਂ ਦੌਰਾਨ ਇਹਨਾਂ ਇਲਾਕਿਆਂ ਅੰਦਰ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ।
ਵਫਦ ਨੇ ਸਮੱਸਿਆ ਦੇ ਸਥਾਈ ਹੱਲ ਲਈ ਪਾਣੀ ਦੇ ਕੁਦਰਤੀ ਵਹਾਅ ਅਤੇ ਨਿਕਾਸੀ ਨੂੰ ਧਿਆਨ ‘ਚ ਰੱਖਦਿਆਂ ਮੌਜੂਦਾ ਸੀਵਰੇਜ਼ ਢਾਂਚੇ ਤੋਂ ਵੱਖਰਾ ਸਟੌਰਮ ਡਰੇਨੇਜ ਸਿਸਟਮ ਉਸਾਰਨ ਅਤੇ ਢੁੱਕਵਾਂ ਬੱਜਟ ਰੱਖਣ ਦਾ ਸੁਝਾਅ ਵੀ ਦਿੱਤਾ । ਬੀਬੀ ਪੁਸ਼ਪ ਲਤਾ ਨੇ ਦੱਸਿਆ ਕਿ ਮੇਅਰ ਅਤੇ ਅਧਿਕਾਰੀਆਂ ਨੇ ਇਸ ਦਿਸ਼ਾ ’ਚ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਫੁਲਕਾਰੀ ਕਲੱਬ ਦੇ ਪ੍ਰਧਾਨ ਅਰਵਿੰਦਰ ਕੌਰ, ਰੇਖਾ ਰਾਣੀ, ਕਮਲਦੀਪ ਸਿੰਗਲਾ, ਪ੍ਰੇਮ ਕੁਮਾਰ ਮੌਰੀਆ, ਮਹਿੰਦਰ ਸਿੰਘ ਖਾਕ, ਸੁਖਦੇਵ ਸਿੰਘ ਚਾਹਲ, ਭਗੀਰਥ ਗੋਇਲ, ਦਰਸ਼ਨ ਸਿੰਘ ਸਿੱਧੂ, ਸਤਨਾਮ ਕੌਰ, ਰੀਤ, ਡਾ, ਹਰਜਿੰਦਰ ਸਿੰਘ, ਮੀਨਾ, ਮਹਿੰਦਰ ਸਿੰਘ ਘੁੱਦਾ, ਆਰ ਐਸ ਧਾਲੀਵਾਲ ਅਤੇ ਹੋਰ ਕਲੋਨੀ ਨਿਵਾਸੀ ਹਾਜ਼ਰ ਸਨ।
ਕਲੋਨੀ ’ਚ ਵੰਡਿਆ ਜਾਗਰੂਕਤਾ ਪਰਚਾ
ਇਸ ਮਾਮਲੇ ’ਚ ਭਾਵੇਂ ਐਕਸ਼ਨ ਕਮੇਟੀ ਤੇ ਕਿਸੇ ਕਿਸਮ ਦੇ ਜਨਤਕ ਸੰਘਰਸ਼ ਦਾ ਐਲਾਨ ਤਾਂ ਨਹੀਂ ਕੀਤਾ ਪਰ ਇਸ ਦੇ ਸੰਕੇਤ ਜਰੂਰ ਦੇ ਦਿੱਤੇ ਹਨ। ਐਕਸ਼ਨ ਕਮੇਟੀ ਨੇ ਸੈਂਕੜਿਆਂ ਦੀ ਗਿਣਤੀ ’ਚ ‘ਬਰਸਾਤੀ ਪਾਣੀ ਦੀ ਨਿਕਾਸੀ ਸਾਡਾ ਮੁੱਖ ਮਸਲਾ ਹੈ’ ਨਾਂ ਦਾ ਹੱਥ ਪਰਚਾ ਛਪਵਾ ਕੇ ਕਲੋਨੀ ਅੰਦਰ ਵੰਡਿਆ ਜਿਸਨੂੰ ਕਲੋਨੀ ਨਿਵਾਸੀਆਂ ਨੇ ਭਰਪੂਰ ਹੁੰਗਾਰਾ ਦਿੱਤਾ। ਵਫਦ ਨੇ ਨਗਰ ਨਿਗਮ, ਜਿਲਾ ਪ੍ਰਸ਼ਾਸਨ ਅਤੇ ਜਨਤਕ ਨੁਮਾਇੰਦਿਆਂ ਨੂੰ ਕਲੋਨੀ ਦੇ ਇਸ ਮੁੱਖ ਮਸਲੇ ਵੱਲ ਧਿਆਨ ਦੇਣ ਅਤੇ ਆਰਜੀ ਪ੍ਰਬੰਧ ਕਰਕੇ ਅੱਖਾਂ ਪੂੰਝਣ ਦੀ ਬਜਾਏ ਸਥਾਈ ਕੱਢਣ ਲਈ ਡਰੇਨ ਸਕੀਮ ਪਾਸ ਕਰਵਾਉਣ ਦੀ ਨਸੀਹਤ ਵੀ ਦਿੱਤੀ ਹੈ।
ਸਿਆਸਤ ਦੇ ਪੈਰ ਹੇਠ ਮਿੱਧਿਆ ਖਿੱਤਾ
ਅਹਿਮ ਸੂਤਰਾਂ ਦੀ ਮੰਨੀਏ ਤਾਂ ਇਹ ਖਿੱਤਾ ਸਿਆਸੀ ਅਣਗੌਲੇ ਪਣ ਦਾ ਸ਼ਿਕਾਰ ਹੋਇਆ ਹੈ। ਨਗਰ ਨਿਗਮ ਦੇ ਪਿਛਲੇ ਕਾਰਜਕਾਲ ਦੌਰਾਨ ਇਸ ਇਲਾਕੇ ਦੀ ਕੌਂਸਲਰ ਸ਼ੈਰੀ ਗੋਇਲ ਕਾਂਗਰਸੀ ਸੀ ਜਦੋਂ ਕਿ ਨਿਗਮ ਤੇ ਅਕਾਲੀ ਭਾਜਪਾ ਗੱਠਜੋੜ ਦਾ ਕਬਜਾ ਹੁੰਦਾ ਸੀ। ਸ਼ੈਰੀ ਗੋਇਲ ਨੇ ਅਕਸਰ ਨਗਰ ਨਿਗਮ ਦੀਆਂ ਮੀਟਿੰਗਾਂ ’ਚ ਇਹ ਮੁੱਦਾ ਉਠਾਇਆ ਤਾਂ ਸਿਆਸੀ ਨਗਾਰਖਾਨੇ ’ਚ ਉਸ ਦੀ ਅਵਾਜ਼ ਨਾਂ ਸੁਣੀ ਗਈ। ਬਾਅਦ ’ਚ ਸ਼ੈਰੀ ਗੋਇਲ ਅਕਾਲੀ ਦਲ ’ਚ ਸ਼ਾਮਲ ਹੋ ਗਈ ਪਰ ਨਗਰ ਨਿਗਮ ਤੇ ਕਾਂਗਰਸ ਕਾਬਜ ਹੋ ਗਈ । ਅਜਿਹੇ ਹਾਲਾਤਾਂ ਦਾ ਨਤੀਜਾ ਕਲੋਨੀ ਵਾਸੀਆਂ ਅਤੇ ਇਲਾਕੇ ਦੋ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਹ ਹਨ ਕਲੋਨੀ ਵਾਸੀਆਂ ਦੀਆਂ ਮੰਗਾਂ
ਵਫਦ ਨੇ ਕਮਲਾ ਨਹਿਰੂ ਕਲੋਨੀ ‘ਚ ਬਾਹਰੀ ਸੜਕਾਂ ਤੋਂ ਪਾਣੀ ਦੀ ਆਮਦ ਰੋਕਣ ਵਾਸਤੇ ਸਾਰੇ ਐਂਟਰੀ ਪੁਆਇੰਟਾਂ ਉਪਰ ਹੰਪ ਬਨਾਉਣ, ਬਾਹਰ ਇਕੱਠੇ ਹੋਏ ਸਾਫ ਬਰਸਾਤੀ ਪਾਣੀ ਨੂੰ ਧਰਤੀ ’ਚ ਰਿਚਾਰਜ ਕਰਨ , ਢੱੁਕਵੀਂ ਸਮਰਥਾ ਵਾਲੀਆਂ ਜਮੀਨਦੋਜ਼ ਸਟੌਰਮ ਡਰੇਨ ਪਾਈਪਾਂ ਪਾਉਣ ਆਰਜੀ ਬੰਦੋਬਸਤ ਵਜੋਂ ਕਲੋਨੀ ਤੋਂ ਡੀਏਵੀ ਸਕੂਲ ਨਾਲ ਲਗਦੇ ਟੋਭੇ ਵਿੱਚ ਨਿਕਾਸੀ ਕਰਨ, ਸੀਵਰੇਜ਼ ਦੀ ਸਫਾਈ ਕਰਵਾਉਣ, ਡੀਏਵੀ ਟੋਭੇ ਦੀ ਸਾਫ-ਸਫਾਈ ਕਰਕੇ ਇਸਨੂੰ ਹੋਰ ਡੂੰਘਾ ਕਰਨ ਅਤੇ ਅਤੇ ਇਸ ਤੋਂ ਨਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ ਹੈ।