ਬੀ.ਐੱਡ.ਟੈਟ ਪਾਸ ਅਧਿਆਪਕਾਂ ਨੇ ਦਿੱਤਾ ਨਵੇਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਪੜ੍ਹੋ ਕੀ ?
ਜੀ ਐਸ ਪੰਨੂ
ਪਟਿਆਲਾ,22 ਸਤੰਬਰ2021: ਪਿਛਲੇ ਸਾਢੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੀ.ਐੱਡ.ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਜਿਥੇ 24 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ ਉੱਥੇ ਹੀ ਆਪਣੀਆਂ ਮੰਗਾਂ ਤੋਂ ਜਾਣੂੰ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜਣ ਦੀ ਵਿੱਢੀ ਮੁਹਿੰਮ ਤਹਿਤ ਸਥਾਨਕ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਮੰਗ ਪੱਤਰ ਦਿੱਤਾ ਗਿਆ।
ਯੂਨੀਅਨ ਦੇ ਸੂਬਾ ਆਗੂ ਗਗਨਦੀਪ ਕੌਰ ਅਤੇ ਸੁਸ਼ੀਲ ਸੁਨਾਮ ਨੇ ਕਿਹਾ ਕਿ ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ ਉੱਤੇ ਕਾਬਜ਼ ਹੋਈ ਕਾਂਗਰਸ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਡਾਂਗਾਂ ਅਤੇ ਪਰਚੇ ਦਿੰਦੀ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 31 ਦਸੰਬਰ 2020 ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਵਿਖੇ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ।
ਦੂਜੇ ਪਾਸੇ 21 ਅਗਸਤ 2021 ਤੋਂ ਸੰਗਰੂਰ ਦੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਇੱਕ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ ਆਪਣੀ ਭਰਤੀ ਸਮੇਤ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਕੱਢਣ ਦੀ ਮੰਗ ਲੈਕੇ ਚੜਿਆ ਹੋਇਆ ਹੈ। ਉਹਨਾ ਕਿਹਾ ਕਿ ਜੇਕਰ ਬੇਰੁਜ਼ਗਾਰਾਂ ਦੀਆਂ ਮੰਗਾਂ ਤੋ ਜਾਣੂੰ ਹੋਣ ਮਗਰੋਂ ਵੀ ਨਵੇਂ ਮੁੱਖ ਮੰਤਰੀ ਨੇ ਬੈਠ ਕੇ ਗੱਲ ਕਰਨੀ ਯੋਗ ਨਾ ਸਮਝੀ ਤਾਂ 24 ਸਤੰਬਰ ਨੂੰ ਖਰੜ ਵਿਖੇ ਉਹਨਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਸ਼ਵਿੰਦਰ ਕੌਰ,ਅਮਨਦੀਪ ਕੌਰ, ਮਨਪ੍ਰੀਤ ਕੌਰ, ਅਲਕਾ ਰਾਣੀ, ਰਿੰਪੀ ਕੌਰ,ਜਸਵਿੰਦਰ ਕੌਰ, ਸੁਖਵੀਰ ਦੁਗਾਲ,ਜਸਵੀਰ ਸਿੰਘ ਰਾਜਪੁਰਾ, ਸਤਗੁਰ ਸਿੰਘ,ਹਰਮੇਸ਼ ਸਿੰਘ, ਕੁਸ਼ ਕੁਮਾਰ ਆਦਿ ਹਾਜ਼ਰ ਸਨ।