ਸਿੰਘੂ ਬਾਰਡਰ ਤੇ ਔਰਤਾਂ ਤੇ ਬਜੁਰਗਾਂ ਨਾਲ ਬਦਸਲੂਕੀ ਕਰਨ ਵਾਲੇ ਸ਼ਰਾਰਤੀ ਲੋਕ ਕਿਸਾਨ ਅੰਦੋਲਨ ਨੂੰ ਢਾਹ ਲਗਾ ਰਹੇ ਹਨ - ਬੀਬੀ ਰੂਹੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 22 ਸਤੰਬਰ 2021 ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਭਰੇ ਮੰਨ ਨਾਲ ਕਿਹਾ ਕਿ ਸਿੰਘੂ ਬਾਰਡਰ ਤੇ ਜੋ ਸ਼ਰਾਰਤੀ ਲੋਕ ਅੌਰਤਾਂ ਤੇ ਬਜੁਰਗਾਂ ਨਾਲ ਬਦਸਲੂਕੀ ਕਰ ਰਹੇ ਹਨ , ਉਹ ਕਿਸਾਨੀ ਸੰਘਰਸ਼ ਨੂੰ ਢਾਹ ਲਗਾ ਰਹੇ ਹਨ ।
ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਆਗੂ ਸਾਥੀ ਬੀਬੀਆਂ ਨਾਲ ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸੰਸਦ ਦੇ ਘਿਰਾਓ ਸਬੰਧੀ ਰੋਸ ਮਾਰਚ 'ਚ ਹਿੱਸਾ ਲੈਣ ਲਈ ਗੱਡੀ 'ਚ ਜਾ ਰਹੀਆਂ ਸੀ ਤਾਂ ਸਾਡੀ ਗੱਡੀ 'ਚ 7 ਬੀਬੀਆਂ ਤੇ ਇੱਕ ਡਰਾਈਵਰ ਸੀ । ਜਦ ਅਸੀਂ ਸਿੰਘੂ ਬਾਰਡਰ ਦੇ ਨਜਦੀਕ ਪੁੱਜੇ ਤਾਂ ਕਿਸਾਨ ਅੰਦੋਲਨ ਦੀ ਆੜ 'ਚ ਮੌਕੇ ਤੇ ਖੜ੍ਹੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਾਡੀ ਗੱਡੀ ਤੇ ਲਗਾਏ ਸਟਿੱਕਰ ਪਾੜ ਦਿੱਤੇ ਤੇ ਸਾਡੇ ਨਾਲ ਬਹੁਤ ਹੀ ਗਲਤ ਭਾਸ਼ਾ ਵਰਤਦੇ ਹੋਏ ਬਦਸਲੂਕੀ ਕੀਤੀ ਗਈ ।
ਬੀਬੀ ਰੂਹੀ ਨੇ ਦੱਸਿਆ ਕਿ ਅਸੀਂ ਸਾਰੀਆਂ ਬੀਬੀਆਂ ਨੇ ਸਿੰਘੂ ਬਾਰਡਰ ਤੇ ਮੌਜੂਦ ਗੁੰਡਾਗਰਦੀ ਕਰ ਰਹੇ ਸ਼ਰਾਰਤੀ ਲੋਕਾਂ ਅੱਗੇ ਹੱਥ ਜੋੜੇ , ਪਰ ਉਨ੍ਹਾਂ ਮਾੜੇ ਤੱਤਾਂ ਵੱਲੋਂ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਦੇ ਇਰਾਦੇ ਨਾਲ ਜਾਣ ਬੁੱਝ ਕੇ ਅੌਰਤਾਂ ਨਾਲ ਗਲਤ ਬਕਵਾਸ ਕੀਤਾ । ਉਨ੍ਹਾਂ ਕਿਹਾ ਕਿ ਅਸੀਂ ਫਿਰ ਵੀ ਇਹ ਸੋਚ ਕੇ ਕੁਝ ਨਹੀਂ ਬੋਲੇ ਕਿ ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਮੁਖੀ ਆਗੂਆਂ ਨੂੰ ਦੱਸਿਆ ਜਾਵੇਗਾ । ਪਰ ਉਨ੍ਹਾਂ ਸ਼ਰਾਰਤੀ ਅਨਸਰਾਂ ਵੱਲੋਂ ਹੀ ਸਾਡੀ ਅੌਰਤਾਂ ਨਾਲ ਬਦਸਲੂਕੀ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ । ਜਿਸ ਬਾਰੇ ਸਾਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ।
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਰੂਹੀ ਤੇ ਉਨ੍ਹਾਂ ਨਾਲ ਮੌਜੂਦ ਬੀਬੀ ਬਲਜੀਤ ਕੌਰ ਕਮਾਲਪੁਰ ਸਾਬਕਾ ਮੈਂਬਰ ਬਲਾਕ ਸੰਮਤੀ , ਬੀਬੀ ਸੁਖਵਿੰਦਰ ਕੌਰ ਸਾਬਕਾ ਸਰਪੰਚ , ਬੀਬੀ ਗੁਰਮੀਤ ਕੌਰ ਦਰੀਏਵਾਲ ਅਤੇ ਬੀਬੀ ਮਹਿੰਦਰ ਕੌਰ ਨੰਬਰਦਾਰਨੀ ਨੇ ਕਿਹਾ ਕਿ ਅਸੀਂ ਸਾਰੀਆਂ ਕਿਸਾਨਾਂ ਦੀਆਂ ਬੇਟੀਆਂ ਹਾਂ ਤੇ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਸਿੰਘੂ ਬਾਰਡਰ ਤੇ ਤਿੰਨ ਵਾਰ ਹਾਜਰੀ ਲਗਵਾ ਚੁੱਕੀਆਂ ਹਾਂ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ 'ਚ ਬਾਰਡਰਾਂ ਚੱਲ ਰਿਹਾ ਕਿਸਾਨ ਅੰਦੋਲਨ ਸਾਡਾ ਸਾਰਿਆਂ ਦਾ ਸਾਂਝਾ ਅੰਦੋਲਨ ਹੈ , ਪਰ ਇਸ ਅੰਦੋਲਨ 'ਚ ਸ਼ਾਮਲ ਹੋ ਕੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਦਿੱਲੀ ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ ਕੱਢਣ ਜਾ ਰਹੀਆਂ ਅੌਰਤਾਂ ਤੇ ਬਜੁਰਗਾਂ ਨਾਲ ਬਦਸਲੂਕੀ ਕਰਨੀ ਬਹੁਤ ਹੀ ਨਿੰਦਣਯੋਗ ਹੈ ਤੇ ਅਜਿਹੀਆਂ ਹਰਕਤਾਂ ਉਹ ਵੀ ਆਪਣੇ ਕਿਸਾਨ ਪਰਿਵਾਰਾਂ ਨਾਲ ਕਰਨਾ ਹੋਰ ਵੀ ਮੰਦਭਾਗਾ ਹੈ ।
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਬਿਆਨ ਕਿ ਬਦਸਲੂਕੀ ਦੀਆਂ ਵੀਡੀਓ ਜਾਹਲੀ ਹਨ ਤੇ ਪ੍ਰਤੀਕਰਮ ਕਰਦੇ ਕਿਹਾ ਕਿ ਅਸੀਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਬੀਬੀਆਂ ਹਾਂ , ਸਾਥੋ ਜਦੋਂ ਮਰਜੀ ਸੰਯੁਕਤ ਮੋਰਚੇ ਦੇ ਆਗੂ ਪੜਤਾਲ ਕਰ ਸਕਦੇ ਹਨ ਕਿ ਸਾਡੇ ਨਾਲ ਤੇ ਹੋਰ ਅੌਰਤਾਂ ਨਾਲ ਬਦਸਲੂਕੀ ਕਰਨ ਵਾਲੀ ਵਾਇਰਲ ਵੀਡੀਓ ਦੀ ਸਚਾਈ ਕੀ ਹੈ । ਉਨ੍ਹਾਂ ਕਿਹਾ ਕਿ ਰਾਜੇਵਾਲ ਸਾਹਿਬ ਨੂੰ ਕਿਸਾਨ ਮੋਰਚੇ 'ਚ ਅੌਰਤਾਂ ਨਾਲ ਕੀਤੀ ਗਈ ਬਦਸਲੂਕੀ ਦੇ ਮਾਮਲੇ ਦੀ ਪਹਿਲਾਂ ਜਾਂਚ ਕਰਨੀ ਚਾਹੀਦੀ ਸੀ ਤੇ ਕਿਸਾਨ ਅੰਦੋਲਨ ਨੂੰ ਢਾਹ ਲਗਾ ਰਹੇ ਕੁਝ ਸ਼ਰਾਰਤੀ ਤੱਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਦੁਸ਼ਮਣਾਂ ਦੀਆਂ ਅੌਰਤਾਂ ਦਾ ਪੂਰਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਹੈ , ਪਰ ਇਹ ਕੌਣ ਨੇ ਜੋ ਕਿਸਾਨਾਂ ਦੀਆਂ ਸਿੱਖ ਧੀਆਂ ਦਾ ਵੀ ਸਨਮਾਨ ਕਰਨਾ ਭੁੱਲ ਗਏ ਹਨ । ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਸਾਰੇ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਦਾ ਸਦਾ ਵਿਰੋਧ ਕਰਦੇ ਆਏ ਹਾਂ ਤੇ ਅੱਗੇ ਤੋਂ ਵੀ ਸਦਾ ਕਿਸਾਨ ਅੰਦੋਲਨ ਲਈ ਪੂਰਾ ਸਹਿਯੋਗ ਕਰਦੇ ਰਹਾਂਗੇ ।
ਇਸ ਸਮੇਂ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਤੀ ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ ਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਸਮੂਹ ਆਗੂਆਂ ਨੂੰ ਬੇਨਤੀ ਕੀਤੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਅੌਰਤਾਂ ਤੇ ਬਜੁਰਗਾਂ ਨਾਲ ਦੁਰਵਿਵਹਾਰ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਣ ।ਉਨ੍ਹਾਂ ਕਿਹਾ ਕਿ ਸਾਡੀਆਂ ਅੌਰਤਾਂ ਨਾਲ ਬਦਸਲੂਕੀ ਕਰਕੇ ਖੁਦ ਹੀ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਕੇ ਕੁਝ ਗਲਤ ਤੱਤਾਂ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦਾ ਮੰਦਭਾਗਾ ਕਾਰਾ ਕੀਤਾ ਹੈ ।ਜਿਸਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ।
ਇਸ ਸਮੇਂ ਉਨ੍ਹਾਂ ਨਾਲ ਕੰਬੋਜ ਭਾਈਚਾਰਾ ਸਲਾਹਕਾਰ ਕਮੇਟੀ ਦੇ ਸੂਬਾਈ ਮੈਂਬਰ ਜਥੇ ਹਰਜਿੰਦਰ ਸਿੰਘ ਲਾਡੀ ਡਡਵਿੰਡੀ , ਜਥੇ ਹਰਜਿੰਦਰ ਸਿੰਘ ਵਿਰਕ , ਜਥੇ ਕਮਲਜੀਤ ਸਿੰਘ ਹੈਬਤਪੁਰ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਦੁਆਬਾ ਜੋਨ , ਜਥੇ ਮਲਕੀਤ ਸਿੰਘ ਚੂਹੜਪੁਰ , ਸੀਨੀਅਰ ਯੂਥ ਆਗੂ ਬਲਜਿੰਦਰ ਸਿੰਘ ਚੂਹੜਪੁਰ, ਚਰਨਜੀਤ ਸਿੰਘ , ਨਿਸ਼ਾਨ ਸਿੰਘ ਆਦਿ ਹਾਜ਼ਰ ਸਨ