ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਹਨੇਰੇ 'ਚ ਕੱਟੀ ਰਾਤ, ਬਿਜਲੀ ਵਿਭਾਗ ਦੀ ਮਾੜੀ ਕਾਰਜ ਪ੍ਰਣਾਲੀ ਰਹੀ ਸਵਾਲਾਂ ਦੇ ਘੇਰੇ ਵਿੱਚ
ਬਲਵਿੰਦਰ ਸਿੰਘ ਧਾਲੀਵਾਲ
- ਬਿਜਲੀ ਵਿਭਾਗ ਦਾ ਕੋਈ ਵੀ ਮੁਲਾਜ਼ਮ ਅੱਧੀ ਰਾਤ ਦੀ ਡਿਊਟੀ 'ਤੇ ਮੋਜੂਦ ਨਹੀਂ ਪਾਇਆ ਗਿਆ
- ਨਿਊ ਮਾਡਲ ਟਾਊਨ ਨਿਵਾਸੀਆਂ ਨੇ ਬਿਜਲੀ ਵਿਭਾਗ ਦੇ ਐਸ.ਡੀ.ਓ ਅਤੇ ਜੇ.ਈ ਸਾਬ ਦੇ ਖਿਲਾਫ ਕੀਤੀ ਨਾਅਰੇਬਾਜ਼ੀ , ਬੀਤੀ ਰਾਤ ਪਵਿੱਤਰ ਸ਼ਹਿਰ ਦੀ ਬਿਜਲੀ ਸਪਲਾਈ ਰਹੀ ਖਰਾਬ
- ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬਿਜਲੀ ਅਧਿਕਾਰੀਆਂ ਨੇ ਲੋਕਾਂ ਨਾਲ ਕੀਤੇ ਸੀ ਵੱਡੇ ਵੱਡੇ ਵਾਅਦੇ
ਸੁਲਤਾਨਪੁਰ ਲੋਧੀ 22 ਸਤੰਬਰ 2021 - ਸੁਲਤਾਨਪੁਰ ਲੋਧੀ ਦੇ ਨਿਊ ਮਾਡਲ ਟਾਊਨ ਅਤੇ ਸਦਰ ਬਾਜ਼ਾਰ, ਚੌਕ ਚੇਲਿਆਂ, ਮੁਹੱਲਾ ਦੀਵਾਨਾ, ਮੁਹੱਲਾ ਮੋਰੀ ਵਿੱਚ ਬਿਜਲੀ ਖਰਾਬ ਹੋਣ ਕਾਰਨ ਲੋਕਾਂ ਨੂੰ ਰਾਤ ਭਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਸਾਰੀ ਰਾਤ ਹਨੇਰੇ ਵਿੱਚ ਕੱਟਣੀ ਪਈ। ਇਸ ਸਬੰਧੀ ਨਿਊ ਮਾਡਲ ਟਾਊਨ ਦੇ ਵਸਨੀਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਪੂਰਥਲਾ ਜ਼ਿਲ੍ਹੇ ਦੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸੁਲਤਾਨਪੁਰ ਲੋਧੀ ਦੇ ਬਿਜਲੀ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਅਤੇ ਇਸ ਬਾਰੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਰ ਸਾਰੀ ਰਾਤ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ।
ਇਸ ਮੌਕੇ ਲੋਕਾਂ ਨੇ ਇਕੱਠੇ ਹੋ ਕੇ ਬਿਜਲੀ ਵਿਭਾਗ ਦੇ ਐਸ.ਡੀ.ਓ ਅਤੇ ਜੇ.ਈ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।ਇਸ ਮੌਕੇ ਲੋਕਾਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਸਿਰਫ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਆਮ ਜਨਤਾ ਦੀ ਗੱਲ ਨਹੀਂ ਸੁਣ ਰਹੇ ਹਨ ਅਤੇ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਉਹ ਕੇਵਲ ਮੀਡੀਆ ਦੀਆਂ ਖ਼ਬਰਾਂ ਤੇ ਪਰਦਾ ਪਾ ਰਹੇ ਹਨ। ਇਸੇ ਲਈ ਉਹ ਦਫ਼ਤਰਾਂ ਵਿੱਚ ਬੈਠ ਕੇ ਸੰਗਤ ਦਰਸ਼ਨ ਪ੍ਰੋਗਰਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਰਾਤ ਸਮੇਂ ਬਿਜਲੀ ਦਫਤਰ ਸੁਲਤਾਨਪੁਰ ਲੋਧੀ ਗੲੇ ਤਾਂ ਉਥੇ ਕੋਈ ਵੀ ਅਧਿਕਾਰੀ ਡਿਊਟੀ ਤੇ ਹਾਜ਼ਰ ਨਹੀਂ ਸੀ।
ਉਨ੍ਹਾਂ ਨੇ ਹਲਕਾ ਵਿਧਾਇਕ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਹੱਲ ਕਰਨ। ਹਲਕੇ ਵਿੱਚ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਬਿਜਲੀ ਅਧਿਕਾਰੀ ਵੀ 24 ਘੰਟੇ ਬਿਜਲੀ ਘਰ ਵਿੱਚ ਡਿਊਟੀ ਤੇ ਹਾਜ਼ਰ ਰਹਿਣ।
ਇਸ ਮੌਕੇ ਰਾਜਾ, ਤੇਜਿੰਦਰਪਾਲ ਸਿੰਘ, ਬੰਟੀ, ਸੂਰਜ ਕੁਮਾਰ, ਲੱਕੀ ਟੰਡਨ, ਹਨੀ, ਮੌਨੂ ਅਰੋੜਾ, ਹੈਪੀ ਥਿੰਦ ਆਦਿ ਹਾਜ਼ਰ ਸਨ।
- 550 ਸਾਲਾ ਸ਼ਤਾਬਦੀ ਸਮਾਗਮਾਂ ਮੌਕੇ ਵਿਧਾਇਕ ਚੀਮਾ ਦੇ ਯਤਨਾਂ ਸਦਕਾ 66 ਕੇ ਬੀ ਸਬ ਸਟੇਸ਼ਨ ਸਥਾਪਤ ਕੀਤਾ ਗਿਆ ਸੀ ਪਰ ਵਿਧਾਇਕ ਚੀਮਾ ਦੀ ਇੰਨੀ ਵੱਡੀ ਯੋਜਨਾ ਤੋਂ ਬਾਅਦ ਵੀ ਸ਼ਹਿਰ ਵਾਸੀ ਬਿਜਲੀ ਵਿਭਾਗ ਦੀ ਕਥਿਤ ਲਾਪਰਵਾਹੀ ਕਾਰਨ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹਨ ਜਿਸ ਕਾਰਨ ਲੋਕਾਂ ਨੂੰ ਅਜੇ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਕੀ ਕਹਿੰਦੇ ਹਨ ਐਸ ਡੀਓ ਮਨਿੰਦਰ ਸਿੰਘ
ਜਦੋਂ ਪੱਤਰਕਾਰਾਂ ਨੇ ਇਸ ਸਬੰਧ ਵਿੱਚ ਐਸਡੀਓ ਮਨਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਟਰਾਂਸਫਰਮ ਵਿੱਚ ਨੁਕਸ ਪੈਣ ਕਾਰਨ ਸ਼ਹਿਰ ਦੇ ਕੁਝ ਮੁਹੱਲਿਆਂ ਵਿੱਚ ਰਾਤ ਭਰ ਬਿਜਲੀ ਖਰਾਬ ਰਹੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਰਾਤ ਸਮੇਂ ਡਿਊਟੀ 'ਤੇ ਕੋਈ ਅਧਿਕਾਰੀ ਮੌਜੂਦ ਕਿਉਂ ਨਹੀਂ ਸੀ ਤਾਂ ਇਸ ਦੇ ਸੰਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ 2 ਅਧਿਕਾਰੀ ਹਨ ਅਤੇ ਸਾਡੇ ਠੇਕੇ 'ਤੇ ਰੱਖੇ ਕਰਮਚਾਰੀ ਹੜਤਾਲ' ਤੇ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਸਵੇਰੇ ਸ਼ਹਿਰ ਦੇ ਸਾਰੇ ਮੁਹੱਲਿਆਂ ਦੀ ਬਿਜਲੀ ਠੀਕ ਕਰ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਤੁਹਾਡੇ ਵਿਭਾਗ ਦੇ ਉੱਚ ਅਧਿਕਾਰੀ 60 ਅਫਸਰਾਂ ਦੇ ਡਿਊਟੀ 'ਤੇ ਮੋਜੂਦ ਹੋਣ ਦੀ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਹੜਤਾਲ' ਤੇ ਜਾਣ ਕਾਰਨ ਮੁਲਾਜ਼ਮਾਂ ਦੀ ਘਾਟ ਚੱਲ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅੱਗੇ ਤੋਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।