ਅਮਰੀਕਾ: ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ ਜਿੱਤਿਆ ਨੈਸ਼ਨਲ ਬਲੂ ਰਿਬਨ ਐਵਾਰਡ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਸਤੰਬਰ 2021 - ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਇੱਕ ਸਕੂਲ ਨੇ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਪੁਰਸ਼ਕਾਰ ਪ੍ਰਾਪਤ ਕੀਤਾ ਹੈ। ਸ਼ਹਿਰ ਦੇ ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ ਯੂ ਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਨੈਸ਼ਨਲ ਬਲੂ ਰਿਬਨ ਐਵਾਰਡ ਜਿੱਤਿਆ ਹੈ। 2021 ਦੇ ਇਸ ਐਵਾਰਡ ਨੇ ਯੂਨੀਵਰਸਿਟੀ ਹਾਈ ਸਕੂਲ ਨੂੰ ਉੱਚ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੀ ਸ਼੍ਰੇਣੀ ਵਜੋਂ ਮਾਨਤਾ ਦਿੱਤੀ ਹੈ।
ਅਮਰੀਕਾ ਦੇ ਸਿੱਖਿਆ ਸਕੱਤਰ ਮਿਗੁਏਲ ਕਾਰਡੋਨਾ ਅਨੁਸਾਰ 2021 ਦੇ ਇਸ ਪੁਰਸ਼ਕਾਰ ਪ੍ਰਾਪਤ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੋਣਾ ਚਾਹੀਦਾ ਹੈ। ਅਮਰੀਕਾ ਦੇ 45 ਵੱਖ -ਵੱਖ ਰਾਜਾਂ ਦੇ ਸਕੂਲਾਂ ਨੂੰ 2021 ਦੇ ਇਹਨਾਂ ਐਵਾਰਡਾਂ ਦੀ ਸੂਚੀ ਵਿੱਚ ਮਾਨਤਾ ਪ੍ਰਾਪਤ ਹੋਈ ਹੈ। ਕੈਲੀਫੋਰਨੀਆ ਸਟੇਟ ਨੇ ਵੀ ਕੁੱਲ 28 ਦੇ ਨਾਲ ਸਭ ਤੋਂ ਵੱਧ ਬਲੂ ਰਿਬਨ ਸਕੂਲਾਂ ਦਾ ਮਾਣ ਪ੍ਰਾਪਤ ਕੀਤਾ ਹੈ। ਟੈਕਸਾਸ ਅਤੇ ਨਿਊਯਾਰਕ ਨੇ ਕ੍ਰਮਵਾਰ 26 ਅਤੇ 19 ਸਕੂਲਾਂ ਲਈ ਇਹ ਐਵਾਰਡ ਪ੍ਰਾਪਤ ਕੀਤਾ ਹੈ। 2021 ਦੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕੂਲਾਂ (302) ਦੀ ਬਹੁਗਿਣਤੀ ਵਿੱਚ ਪਬਲਿਕ ਸਕੂਲ ਹਨ।