ਅਣਜੰਮੀ ਧੀ ਦੀ ਪੁਕਾਰ” ਗੀਤ ਦੇ ਰਚੇਤਾ ਬਲਿਹਾਰ ਸਿੰਘ ਲੇਹਲ ਨਾਲ ਵਿਸ਼ੇਸ਼ ਮਿਲਣੀ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 23 ਸਤੰਬਰ 2021-ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟਸ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਸਿਆਟਲ ਤੋਂ ਆਏ ਪੰਜਾਬੀ ਗੀਤਕਾਰ ਬਲਿਹਾਰ ਸਿੰਘ ਲੇਹਲ ਨਾਲ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਬਲਿਹਾਰ ਸਿੰਘ ਲੇਹਲ ਦੇ ਚਰਚਿਤ ਗੀਤ “ਅਣਜੰਮੀ ਧੀ ਦੀ ਪੁਕਾਰ” ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਪ੍ਰੋਗਰਾਮ ਦਾ ਆਗਾਜ਼ ਬੱਲਾ ਤੱਖਰ ਅਤੇ ਗੁਰਨਾਮ ਥਾਂਦੀ ਵੱਲੋਂ ਢੱਡ ਸਾਰੰਗੀ ਦੇ ਦਿਲਕਸ਼ ਸੰਗੀਤ ਨਾਲ ਪੇਸ਼ ਕੀਤੇ ਗੀਤ “ਮਾਂ ਤੇਰੇ ਤਿੰਨ ਪੁੱਤ ਨੀਂ ਰੱਸਾ ਚੁੰਮੀ ਜਾਂਦੇ ਨੇ” ਅਤੇ “ਸੰਦਲੀ ਪੈੜਾਂ ਕਰ ਗਿਆ ਕੋਈ ਸਾਡੇ ਵਿਹੜੇ” ਨਾਲ ਹੋਇਆ। ਮੋਹਨ ਗਿੱਲ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਬਲਿਹਾਰ ਲੇਹਲ ਨਾਲ ਸੰਖੇਪ ਜਾਣ ਪਛਾਣ ਕਰਵਾਈ। ਬਲਿਹਾਰ ਲੇਹਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵੈਨਕੂਵਰ ਦੇ ਸਾਹਿਤਕ ਮਿੱਤਰਾਂ ਵੱਲੋਂ ਹਰ ਵਾਰ ਬੜਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਜਿਸ ਲਈ ਉਹ ਸਭਨਾਂ ਦਾ ਬੇਹੱਦ ਰਿਣੀ ਹੈ। “ਅਣਜੰਮੀ ਧੀ ਦੀ ਪੁਕਾਰ” ਗੀਤ ਰਿਕਾਰਡ ਕਰਵਾਉਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਗੀਤ ਕਾਫੀ ਸਾਲ ਪਹਿਲਾਂ ਲਿਖਿਆ ਸੀ ਪਰ ਉਨ੍ਹਾਂ ਦੇ ਉਸਤਾਦ ਹਰਦਿਆਲ ਚੀਮਾ ਨੇ ਇਸ ਗੀਤ ਨੂੰ ਰਿਕਾਰਡ ਕਰਵਾਉਣ ਲਈ ਪ੍ਰੇਰਿਆ। ਬਹੁਤ ਹੀ ਭਾਵੁਕ ਲਹਿਜ਼ੇ ਵਿਚ ਉਨ੍ਹਾਂ ਕਿਹਾ ਕਿ ਜੇ ਇਹ ਗੀਤ ਸੁਣ ਕੇ ਕਿਸੇ ਇਕ ਬੱਚੀ ਦੀ ਵੀ ਜਾਨ ਬਚ ਗਈ ਤਾਂ ਮੈਂ ਸਮਝਾਂਗਾ ਕਿ ਮੇਰੀ ਕੋਸ਼ਿਸ਼, ਮੇਰੀ ਮਿਹਨਤ ਸਫਲ ਹੋਈ ਹੈ ਕਿਉਂਕਿ ਅਸੀਂ ਹੁਣ ਤੱਕ ਪਤਾ ਨਹੀਂ ਕਿੰਨੀਆਂ ਬੱਚੀਆਂ ਨੂੰ ਕੁੱਖ ਵਿਚ ਹੀ ਕਤਲ ਕਰ ਚੁੱਕੇ ਹਾਂ। ਉਨ੍ਹਾਂ ਅਣਜੰਮੀਆਂ ਬੱਚੀਆਂ ਵਿਚ ਪਤਾ ਕਿੰਨੀ ਕੁ ਪ੍ਰਤਿਭਾ ਹੋਣੀ ਸੀ ਅਤੇ ਕਿੰਨੀਆਂ ਨੇ ਕਲਪਨਾ ਚਾਵਲਾ ਬਣਨਾ ਸੀ, ਮਾਈ ਭਾਗੋ ਬਣਨਾ ਸੀ ਜਾਂ ਝਾਂਸੀ ਦੀ ਰਾਣੀ ਹੋਣਾ ਸੀ। ਉਨ੍ਹਾਂ ਪੰਜਾਬੀ ਲਿਖਾਰੀ ਸਭਾ ਸਿਆਟਲ ਅਤੇ ਆਪਣੀ ਧਰਮ ਪਤਨੀ ਜਸਵਿੰਦਰ ਕੌਰ ਦੇ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਹੱਲਾਸ਼ੇਰੀ ਨੇ ਉਸ ਦੀ ਰਚਨਾਤਿਮਕ ਕਲਾ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ।
ਇਸ ਮੌਕੇ ਗੀਤ “ਅਣਜੰਮੀ ਧੀ ਦੀ ਪੁਕਾਰ” ਸੁਣਨ ਉਪਰੰਤ ਇਸ ਗੀਤ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਚਿੱਤਰਕਾਰ ਜਰਨੈਲ ਸਿੰਘ, ਸ਼ਾਇਰ ਕਵਿੰਦਰ ਚਾਂਦ, ਗੁਰਦੀਪ ਭੁੱਲਰ, ਹਰਦਮ ਸਿੰਘ ਮਾਨ, ਹਰਕੰਵਲਜੀਤ ਸਿੰਘ ਸਾਹਿਲ, ਆਇਆ ਸਿੰਘ ਸਾਹਿਲ, ਬਿੱਲਾ ਤੱਖਰ, ਗੁਰਨਾਮ ਥਾਂਦੀ, ਬਿੰਦਰ ਰੋਡ, ਇੰਦਰਜੀਤ ਰੋਡੇ, ਜਿੰਦਰ ਕੂਨਰ ਅਤੇ ਗੁਰਸਾਹਿਬ ਕੂਨਰ ਨੇ ਕਿਹਾ ਕਿ ਬੇਸ਼ੱਕ ਗੀਤ ਦਾ ਵਿਸ਼ਾ ਪੁਰਾਣਾ ਹੈ ਪਰ ਇਸ ਦੀ ਅੱਜ ਵੀ ਇਸ ਦੀ ਬੜੀ ਮਹੱਤਤਾ ਹੈ ਕਿਉਂਕਿ ਅਸੀਂ ਆਧੁਨਿਕ ਯੁਗ ਵਿਚ ਵੀ ਕੁੱਖ ‘ਚ ਧੀਆਂ ਮਾਰਨ ਦੇ ਕਲੰਕ ਨੂੰ ਅਜੇ ਤੱਕ ਧੋ ਨਹੀਂ ਸਕੇ। ਅੱਜ ਵੀ ਅਜਿਹੇ ਬਥੇਰੇ ਲੋਕ ਹਨ ਜਿਨ੍ਹਾਂ ਦੀ ਮਾਨਸਿਕਤਾ ਆਪਣੇ ਘਰ ਧੀ ਦਾ ਪੈਦਾ ਹੋਣਾ ਨਹੀਂ ਜਰਦੀ। ਇਸ ਮੌਕੇ ਕਾਮਨਾ ਕੀਤੀ ਗਈ ਕਿ ਉਹ ਸਮਾਂ ਜਲਦੀ ਆਵੇ ਜਦੋਂ ਇਸ ਪੁਰਾਣੇ ਵਿਸ਼ੇ ਨੂੰ ਸਦੀਵੀ ਤੌਰ ਤੇ ਭੁੱਲ ਜਾਈਏ। ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਰਾਹੀਂ ਲੋਕਾਂ ਤੀਕ ਪੁਚਾਉਣ ਲਈ ਗਾਇਕ ਅਮਰ ਸਿੰਘ ਲਿੱਤਰਾਂ ਦੀ ਪ੍ਰਸੰਸਾ ਕੀਤੀ ਗਈ।