ਚੰਨੀ ਦੇ ਸਹੁੰ ਚੁੱਕਣ ਵਾਲੇ ਦਿਨ ਸਿੱਧੂ ਨੂੰ 2022 ਲਈ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਕਾਂਗਰਸ ਨੇ ਐੱਸਸੀ ਵਰਗ ਦਾ ਅਪਮਾਨ ਕੀਤਾ : ਵਿਰਕ, ਬਿੱਟੂ ਚੱਠਾ, ਮਾਲਵਿੰਦਰ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 23 ਸਤੰਬਰ 2021: ਤੀਜੀ ਵਾਰ ਵਿਧਾਇਕ ਬਣੇ ਚਰਨਜੀਤ ਸਿੰਘ ਚੰਨੀ ਨੁੰ ਸੂਬੇ ਦਾ ਪਹਿਲਾ ਐਸ ਸੀ ਮੁੱਖ ਮੰਤਰੀ ਬਣਾ ਕੇ ਸਹੁੰ ਚੁੱਕਣ ਵਾਲੇ ਦਿਨ ਕਾਂਗਰਸ ਪਾਰਟੀ ਨੇ 2022 ਦੀਆਂ ਚੋਣਾਂ ਲਈ ਨਵਜੋਤ ਸਿੱਧੂ ਨੁੰ ਮੁੱਖ ਮੰਤਰੀ ਉਮੀਦਾਵਰ ਐਲਾਨ ਕਰ ਐਸ ਸੀ ਵਰਗ ਦਾ ਅਪਮਾਨ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਾਜਿੰਦਰ ਸਿੰਘ ਵਿਰਕ ਤੇ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਸਾਬਕਾ ਐਮ ਸੀ ਮਾਲਵਿੰਦਰ ਸਿੰਘ ਝਿੱਲ ਨੇ ਕੀਤਾ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਅਕਾਲੀ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 2022 ਦੀਆਂ ਚੋਣਾਂ ਵਿਚ ਸਿਰਫ ਐਸ ਸੀ ਵਰਗ ਨੁੰ ਵੋਟਰ ਵਜੋਂ ਵਰਤ ਕੇ ਵੋਟਾਂ ਬਟੋਰਨ ਵਾਸਤੇ ਕਾਂਗਰਸ ਪਾਰਟੀ ਨੇ ਚੰਨੀ ਨੁੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਠਾ ਦਿੱਤਾ ਤੇ ਨਾਲ ਹੀ ਆਖ ਦਿੱਤਾ ਕਿ 2022 ਦੀਆਂ ਚੋਣਾਂ ਵਿਚ ਕਾਂਗਰਸ ਸਰਕਾਰ ਬਣਨ ’ਤੇ ਨਵਜੋਤ ਸਿੱਧੂ ਮੁੱਖ ਮੰਤਰੀ ਹੋਣਗੇ ਕਿਉਂਕਿ ਉਹ ਬਹੁਤ ਲੋਕਪ੍ਰਿਅ ਹਨ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਇਸ ਬਿਆਨ ਨੇ ਦਰਸਾ ਦਿੱਤਾ ਹੈ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਐਸ ਸੀ ਵਰਗ ਨੂੰ ਵੋਟਰ ਮੰਨ ਕੇ ਇਹਨਾਂਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਆ ਰਹੀ ਹੈ ਤੇ ਹੁਣ ਇਕ ਵਾਰ ਫਿਰ ਤੋਂ ਅਜਿਹਾ ਕਰ ਰਹੀ ਹੈ।
ਉਹਨਾਂ ਕਿਹਾ ਕਿਜੇਕਰ ਸੱਚਮੁੱਚ ਕਾਂਗਰਸ ਪਾਰਟੀ ਐਸ ਸੀ ਵਰਗ ਪ੍ਰਤੀ ਸੰਜੀਦਾ ਹੈ ਤਾਂ ਫਿਰ ਇਸਨੂੰ ਤੁਰੰਤ ਚਰਨਜੀਤ ਸਿੰਘ ਚੰਨੀ ਨੂੰ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਚੇਹਰਾ ਐਲਾਨਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੇ ਪੰਜਾਬੀਇਹ ਜਾਣਦੇ ਹਨ ਕਿ ਕਾਂਗਰਸ ਕਦੇ ਵੀ ਅਜਿਹਾ ਨਹੀਂ ਕਰੇਗੀ ਕਿਉਂਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੱਧੂ ਨੁੰ ਮੁੱਖ ਮੰਤਰੀ ਵੇਖਣਾ ਚਾਹੁੰਦੀ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਵੀ ਸੱਤਾ ਦੀ ਲਾਲਸਾ ਦੀ ਸਿਖਰ ਦਾ ਮੁਜ਼ਾਹਰਾ ਕੀਤਾ ਹੈ। ਪਹਿਲਾਂ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣੇ ਤੇ ਫਿਰ ਮੁੱਖ ਮੰਤਰੀ ਦੀ ਕੁਰਸੀ ਮੰਗਣ ਲੱਗ ਪਏ ਜੋ ਬਹੁਤ ਹੀ ਸ਼ਰਮਨਾਕ ਗੱਲ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਅਮਿਤ ਰਾਠੀ ਬੁਲਾਰਾ ਯੂਥ ਅਕਾਲੀ ਦਲ, ਪਰਮਜੀਤ ਸਿੰਘ ਪੰਮਾ, ਕੁਲਵੰਤ ਸਿੰਘ ਬਾਜਵਾ, ਹਰਵਿੰਦਰ ਸਿੰਘ ਬੱਬੂ, ਜਸਵੰਤ ਸਿੰਘ ਟਿਵਾਣਾ, ਸੁਰਿੰਦਰ ਸਿੰਘ ਜਦੋਂ, ਨਵਜੋਤ ਸਿੰਘ , ਸੰਦੀਪ ਸਿੰਘ ਸੰਧੂ ਮਨਿੰਦਰ ਸਿੰਘ ਬਿੱਲਾ, ਸੱਕੂ ਗਰੋਵਰ, ਨਰਿੰਦਰ ਜੀਤ ਸਿੰਘ, ਦਵਿੰਦਰ ਸਿੰਘ ਹਾਜ਼ਰ ਸਨ।