ਬੀ.ਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ, 23 ਸਤੰਬਰ 2021 - ਬੀ.ਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਏ.ਡੀ.ਸੀ ਰਾਜਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਨਵੇਂ ਬਣੇ ਮੁੱਖ ਮੰਤਰੀ ਦੀ ਰਿਹਾਇਸ ਦੇ ਘਿਰਾਓ ਦਾ ਐਲਾਨ ਕੀਤਾ|
ਇਸ ਸਮੇਂ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦਿਆ ਜਿਲ੍ਹਾ ਆਗੂ ਗੁਰਪ੍ਰੀਤ ਵਾਂਦਰ ਜਟਾਣਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲਾਂ ਦੌਰਾਨ ਸਿਰਫ਼ ਕਾਂਗਰਸ ਪਾਰਟੀ ਨੇ ਸਿਰਫ਼ ਮੁੱਖ ਮੰਤਰੀ ਬਦਲਿਆ ਹੈ ਜਦਕਿ ਬੇਰੋਜ਼ਗਾਰਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ| ਕਾਂਗਰਸ ਸਰਕਾਰ ਘਰ ਘਰ ਨੌਕਰੀ ਤੇ ਬੇਰੋਜ਼ਗਾਰੀ ਭੱਤੇ ਤੋਂ ਭੱਜ ਚੁੱਕੀ ਹੈ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਲੋਕਾਂ ਨੂੰ ਕੁਝ ਦੇਣ ਦੀ ਬਜਾਏ ਕਾਂਗਰਸ ਆਪਸੀ ਕਾਟੋ-ਕਲੇਸ ਵਿੱਚ ਫਸੀ ਹੋਈ ਹੈ|
ਉਹਨਾਂ ਦੱਸਿਆ ਕਿ ਬੀ.ਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ 31 ਦਸੰਬਰ 2020 ਤੋਂ ਲਗਾਤਾਰ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਦਾ ਗੇਟ ਮੱਲੀ ਬੈਠੇ ਹਨ ਤੇ ਸਿੱਖਿਆ ਮੰਤਰੀ ਆਪਣੇ ਹੀ ਘਰ ਤੋਂ ਭਗੌੜਾ ਬਣਿਆ ਹੋਇਆ ਹੈ| ਇਸ ਤੋਂ ਇਲਾਵਾ ਇਕ ਬੇਰੋਜ਼ਗਾਰ ਅਧਿਆਪਕ ਮਨੀਸ਼ ਕੁਮੀਰ 21 ਅਗਸਤ ਤੋਂ ਲਗਾਤਾਰ ਪਾਣੀ ਵਾਲੀ ਟੈਂਕੀ ਤੇ ਡਟਿਆ ਹੋਇਆ ਹੈ| ਏਨਾ ਹੀ ਨਹੀਂ ਮੋਤੀ ਮਹਿਲ ਅੱਗੇ ਵੀ ਅਨ੍ਹੇਕਾਂ ਵਾਰ ਬੇਰੋਜ਼ਗਾਰਾਂ ਉਤੇ ਪੁਲਿਸ ਨੇ ਤਸੱਦਦ ਕੀਤਾ ਅਤੇ ਕਈ ਅਧਿਆਪਕਾਂ ਦੀਆਂ ਪੱਗਾਂ ਚੁੰਨੀਆਂ ਵੀ ਲਾਹੀਆਂ ਗਈਆਂ ਤੇ ਕਈ ਵਾਰ ਸੰਘਰਸ਼ ਦੌਰਾਨ ਮਹਿਲਾ ਅਧਿਆਪਕਾਵਾਂ ਦੇ ਕੱਪੜੇ ਵੀ ਪਾਟੇ ਪਰ ਕਾਂਗਰਸ ਸਰਕਾਰ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ|
ਇਸ ਲਈ ਆਉਣ ਵਾਲੇ ਦਿਨ੍ਹਾਂ ਵਿੱਚ 24 ਸਤੰਬਰ ਨੂੰ ਦੋਬਾਰਾ ਫਿਰ ਤੋਂ ਬੇਰੋਜ਼ਗਾਰਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ ਦਾ ਘਿਰਾਓ ਕੀਤਾ ਜਾਵੇਗਾ| ਜੇਕਰ ਸਰਕਾਰ ਅਜੇ ਵੀ ਟਾਲ ਮਟੋਲ ਕਰਦੀ ਹੈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ| ਇਸ ਮੌਕੇ ਲਵਪ੍ਰੀਤ ਕੌਰ, ਪਰਮਜੀਤ ਕੌਰ, ਜਗਦੀਪ ਢਿਲਵਾਂ, ਗੁਰਪ੍ਰੀਤ ਕੌਰ ਆਦਿ ਸਾਥੀ ਹਾਜ਼ਰ ਸਨ|