ਨੈਸ਼ਨਲ ਅਚੀਵਮੈਂਟ ਸਰਵੇ 2021 ਹਿੱਤ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲਾਂ ਦੇ ਕੀਤੇ ਦੌਰੇ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਪਠਾਨਕੋਟ, 23 ਸਤੰਬਰ 2021-ਨੈਸ਼ਨਲ ਅਚੀਵਮੈਂਟ ਸਰਵੇ 2021 ਦੀਆਂ ਤਿਆਰੀਆਂ ਪੂਰੇ ਪੰਜਾਬ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਵੱਲੋਂ ਲਗਾਤਾਰ ਸਕੂਲਾਂ ਦੇ ਦੌਰੇ ਕਰਕੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਕੂਲਾਂ ਦੇ ਦੌਰੇ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਵੱਲੋਂ ਪੰਜਾਬ ਦਾ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਅਤੇ ਜ਼ਿਲ੍ਹਾ ਪਠਾਨਕੋਟ ਦਾ ਸਿੱਖਿਆ ਖੇਤਰ ਵਿੱਚ ਨਾਂ ਹੋਰ ਰੌਸ਼ਨ ਕਰਨ ਹਿੱਤ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦ੍ਰਿੜ੍ਹਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਵੱਲੋਂ ਸਰਕਾਰੀ ਮਿਡਲ ਸਕੂਲ ਦਰਸੋਪੂਰ, ਸਰਕਾਰੀ ਹਾਈ ਸਕੂਲ ਫਤਿਹਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ, ਸਰਕਾਰੀ ਮਿਡਲ ਸਕੂਲ ਨਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੇ ਸਕੂਲਾਂ ਵਿੱਚ ਪ੍ਰੇਰਨਾਦਾਇਕ ਵਿਜ਼ਟ ਕੀਤੀ ਗਈ ਅਤੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਸਤੇ ਉਤਸ਼ਾਹਿਤ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਵੱਲੋਂ ਸਪ੍ਰਸ ਹਰਦੋਸ਼ਰਨ, ਥੜ੍ਹਾ ਉਪਰਲਾ, ਲੰਜੇਰਾ, ਬਾਰ ਸੁਡਾਲ, ਗੁੜਨੋਈ, ਮਾੜਵਾਂ, ਸਤਰਾਲਵਾਂ, ਦਕੋਹਾ ਬੰਗਲਾ, ਸਾਰਟੀ, ਦਰਬਾਨ, ਦੁੱਖਨਿਆਲੀ, ਘਾੜ ਅਤੇ ਫੰਗੋਤੇ ਦੇ ਦੌਰੇ ਦੌਰਾਨ ਆਧਿਆਪਕਾਂ ਵੱਲੋਂ ਕੋਵਿਡ ਦੇ ਸਮੇਂ ਦੌਰਾਨ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਹਨਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ 2021 ਵਿੱਚ ਜ਼ਿਲ੍ਹਾ ਪਠਾਨਕੋਟ ਦੀ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੈਮੀਨਾਰ ਲਗਾ ਕੇ ਸੈਂਟਰ ਸਕੂਲ ਮੁਖੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਭੇਜੇ ਏਜੰਡੇ ਰਾਹੀਂ ਨੈਸ ਦੀਆਂ ਬਾਰੀਕੀਆਂ ਬਾਰੇ ਸਮਝਾਇਆ ਜਾ ਚੁੱਕਿਆ ਹੈ ਅਤੇ ਹੁਣ ਇਸ ਜਾਗਰੂਕਤਾ ਨੂੰ ਬੱਚਿਆਂ ਦੇ ਪੱਧਰ ਤੱਕ ਪਹੁੰਚਾਉਣ ਦੀ ਲੋੜ ਹੈ।
ਡਿਪਟੀ ਡੀਈਓ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਡਿਪਟੀ ਡੀਈਓ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਸਹਿਯੋਗ ਅਤੇ ਅਣਥੱਕ ਉੱਦਮਾਂ ਸਦਕਾ ਦਾਖ਼ਲਿਆਂ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਮਿਹਨਤੀ ਅਧਿਆਪਕਾਂ ਦੀ ਬਦੌਲਤ ਹੀ ਅੱਜ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਕੋਵਿਡ-19 ਦੀ ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਵੀ ਅਧਿਆਪਕਾਂ ਨੇ ਮਿਸਾਲ ਪੇਸ਼ ਕਰਦਿਆਂ ਆਨਲਾਈਨ ਸਿੱਖਿਆ ਦੇ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ਾਨਦਾਰ ਕਾਰਜ ਕੀਤਾ ਹੈ।
ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਇਨ੍ਹਾਂ ਦੌਰਿਆਂ ਦਾ ਮਕਸਦ ਪੰਜਾਬ ਦੁਆਰਾ ਪ੍ਰਾਪਤ ਪਹਿਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਅਤੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਸਬੰਧੀ ਪੂਰਨ ਯੋਜਨਾਬੰਦੀ ਕਰਨਾ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਹੋਰਨਾਂ ਮੁਹਿੰਮਾਂ ਵਾਂਗ ਇਸ ਕਾਰਜ ਵਿੱਚ ਵੀ ਸਮੂਹ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਆਪਣਾ 100 ਫੀਸਦੀ ਯੋਗਦਾਨ ਦੇਣਗੇ।
ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਠਾਕੁਰ, ਬੀਪੀਈਓ ਰਿਸ਼ਮਾਂ ਦੇਵੀ, ਬੀਪੀਈਓ ਪੰਕਜ ਅਰੋੜਾ, ਬੀਪੀਈਓ ਨਰੇਸ਼ ਪਨਿਆੜ, ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸ਼ੋਰ, ਰਮੇਸ਼ ਕੁਮਾਰ, ਮੁਨੀਸ਼ ਕੁਮਾਰ, ਡੀਐਸਐਮ ਬਲਵਿੰਦਰ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸਟੈਨੋ ਤਰੁਣ ਪਠਾਨੀਆ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਵੱਲੋਂ ਵੀ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਚੋਟੀ ਦਾ ਸਥਾਨ ਪ੍ਰਾਪਤ ਕਰਨ ਲਈ ਪੂਰੀ ਮਿਹਨਤ ਨਾਲ ਦੱਸੇ ਨੁਕਤਿਆਂ ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।