ਰਾਜੋਆਣੇ ਦਾ ਪਰਿਵਾਰ ਪ੍ਰੇਸ਼ਾਨ, ਆਖਰ ਕਿਉਂ ਹੋ ਰਹੀ ਫੈਸਲਾ ਲੈਣ 'ਚ ਦੇਰੀ ?
ਚੰਡੀਗੜ੍ਹ, 23 ਸਤੰਬਰ 2021 - ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਜਿਹੜੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 26-3-2012 ਨੂੰ ਰਾਸ਼ਟਰਪਤੀ ਕੋਲ ਪਾਈ ਗਈ ਸੀ, ਉਸ ਅਪੀਲ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਿਛਲੇ 9 ਸਾਲ 6 ਮਹੀਨਿਆਂ ਤੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਮਿਤੀ 25-1-2021 ਨੂੰ ਸਖ਼ਤ ਆਦੇਸ਼ ਕੀਤਾ ਸੀ ਕਿ ਦੋ ਹਫ਼ਤਿਆਂ ਵਿੱਚ ਫੈਸਲਾ ਲਿਆ ਜਾਵੇ। ਪਰ 12 ਫਰਵਰੀ 2021 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ 6 ਹਫ਼ਤਿਆਂ ਦਾ ਸਮਾਂ ਹੋਰ ਮੰਗਿਆ ਅਤੇ ਕਿਹਾ ਕਿ ਹੁਣ ਇਸ ਪਟੀਸ਼ਨ ਤੇ ਫੈਸਲਾ ਦੇਸ਼ ਦੇ ਰਾਸ਼ਟਰਪਤੀ ਨੇ ਕਰਨਾ ਹੈ। ਇਹ 6 ਹਫ਼ਤਿਆਂ ਦਾ ਸਮਾਂ 26 ਮਾਰਚ 2021 ਨੂੰ ਪੂਰਾ ਹੋ ਗਿਆ। ਉਸ ਤੋਂ ਬਾਅਦ ਨਾ ਤਾਂ ਫੈਸਲਾ ਹੋਇਆ ਅਤੇ ਨਾ ਹੀ ਸੁਪਰੀਮ ਕੋਰਟ ਵਿੱਚ ਕੇਸ ਦੀ ਸੁਣਵਾਈ ਹੀ ਕੀਤੀ ਜਾ ਰਹੀ ਹੈ।
ਇਸ ਮੌਕੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ। ਪਰ ਬਲਵੰਤ ਸਿੰਘ ਰਾਜੋਆਣਾ ਬਾਰੇ ਕੋਈ ਵੀ ਫੈਸਲਾ ਨਹੀਂ ਆ ਰਿਹਾ। ਜ਼ਿਕਰਯੋਗ ਹੈ ਕੇ ਬਲਵੰਤ ਸਿੰਘ ਰਾਜੋਆਣਾ ਪਿਛਲੇ 26 ਸਾਲ ਤੋਂ ਜੇਲ੍ਹ ਵਿੱਚ ਹਨ।
ਇਸ ਮੌਕੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਇਕ ਚਿੱਠੀ ਜਾਰੀ ਕੀਤੀ ਗਈ ਹੈ ਪੜ੍ਹੋ ਉਹਨਾਂ ਇਸ 'ਚ ਕੀ ਲਿਖਿਆ ?
ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਖਾਲਸਾ ਜੀ, ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਜਿਹੜੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 26-3-2012 ਨੂੰ ਰਾਸ਼ਟਰਪਤੀ ਜੀ ਕੋਲ ਪਾਈ ਗਈ ਸੀ, ਉਸ ਅਪੀਲ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਿਛਲੇ 9 ਸਾਲ 6 ਮਹੀਨਿਆਂ ਤੋਂ ਜਾਣਬੁੱਝ ਕੇ ਫੈਸਲਾ ਨਹੀਂ ਕੀਤਾ ਜਾ ਰਿਹਾ। ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਮਿਤੀ 25-1-2021 ਨੂੰ ਸਖ਼ਤ ਆਦੇਸ਼ ਕੀਤਾ ਸੀ ਕਿ ਦੋ ਹਫ਼ਤਿਆਂ ਵਿੱਚ ਫੈਸਲਾ ਲਿਆ ਜਾਵੇ। ਪਰ 12 ਫਰਵਰੀ 2021 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ 6 ਹਫ਼ਤਿਆਂ ਦਾ ਸਮਾਂ ਹੋਰ ਮੰਗਿਆ ਅਤੇ ਕਿਹਾ ਕਿ ਹੁਣ ਇਸ ਪਟੀਸ਼ਨ ਤੇ ਫੈਸਲਾ ਦੇਸ਼ ਦੇ ਰਾਸ਼ਟਰਪਤੀ ਜੀ ਨੇ ਕਰਨਾ ਹੈ। ਇਹ 6 ਹਫ਼ਤਿਆਂ ਦਾ ਸਮਾਂ 26 ਮਾਰਚ 2021 ਨੂੰ ਪੂਰਾ ਹੋ ਗਿਆ। ਉਸ ਤੋਂ ਬਾਅਦ ਨਾ ਤਾਂ ਫੈਸਲਾ ਹੋਇਆ ਅਤੇ ਨਾ ਹੀ ਸੁਪਰੀਮ ਕੋਰਟ ਵਿੱਚ ਕੇਸ ਦੀ ਸੁਣਵਾਈ ਹੀ ਕੀਤੀ ਜਾ ਰਹੀ ਹੈ।
ਖਾਲਸਾ ਜੀ, ਵੀਰਜੀ ਰਾਜੋਆਣਾ ਜੀ ਨੇ ਇਹ ਸੱਚ ਜਾਨਣ ਲਈ, ਕੀ ਹੁਣ ਫੈਸਲਾ ਦੇਸ਼ ਦੇ ਰਾਸ਼ਟਰਪਤੀ ਜੀ ਨੇ ਕਰਨਾ ਹੈ ਇੱਕ ਆਰ.ਟੀ.ਆਈ ਮਿਤੀ 12-5-2021 ਨੂੰ ਰਾਸ਼ਟਰਪਤੀ ਸਕੱਤਰੇਤ ਨੂੰ ਪਾਈ ਕਿ ਕੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪਟੀਸ਼ਨ ਨਾਲ ਸਬੰਧਿਤ ਫਾਈਲ ਰਾਸ਼ਟਰਪਤੀ ਜੀ ਕੋਲ ਭੇਜ ਦਿੱਤੀ ਹੈ। ਤਾਂ ਇਸ RTI ਨੂੰ ਰਾਸ਼ਟਰਪਤੀ ਸਕੱਤਰੇਤ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਟਰਾਂਸਫਰ ਕਰ ਦਿੱਤਾ ਕਿ ਇਸ ਸਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਹੀ ਦੇ ਸਕਦਾ ਹੈ। ਇਸ ਤੋਂ ਬਾਅਦ ਵੀਰਜੀ ਰਾਜੋਆਣਾ ਜੀ ਨੇ 5 ਜੁਲਾਈ ਨੂੰ ਇਸ RTI ਦੇ ਜਵਾਬ ਦੇ ਖਿਲਾਫ ਅਪੀਲ ਕੀਤੀ ਰਾਸ਼ਟਰਪਤੀ ਸਕੱਤਰੇਤ ਨੂੰ ਕਿ ਮੈਂ ਤਾਂ ਸਿਰਫ਼ ਏਨਾ ਹੀ ਜਾਨਣਾ ਚਾਹੁੰਦਾ ਹਾਂ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪਟੀਸ਼ਨ ਨਾਲ ਸਬੰਧਿਤ ਫਾਈਲ ਰਾਸ਼ਟਰਪਤੀ ਜੀ ਕੋਲ ਭੇਜ ਦਿੱਤੀ ਹੈ ਜਾਂ ਨਹੀਂ , ਕਿਉਂਕਿ ਜੇਕਰ ਫਾਈਲ ਭੇਜੀ ਹੀ ਨਹੀਂ ਗਈ ਤਾਂ ਫੈਸਲਾ ਕਿਵੇਂ ਹੋਵੇਗਾ। ਇਸ ਅਪੀਲ ਦੇ ਜਵਾਬ ਵਿੱਚ ਸਬੰਧਿਤ ਅਧਿਕਾਰੀਆਂ ਨੇ ਇਹ ਕਿਹਾ ਕਿ ਸਾਡੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਹ ਜੁਆਬ 10 ਅਗਸਤ ਹੈ। ਮਤਲਬ ਕਿ 10 ਅਗਸਤ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਫਾਈਲ ਰਾਸ਼ਟਰਪਤੀ ਜੀ ਕੋਲ ਭੇਜੀ ਹੀ ਨਹੀਂ ਸੀ।
ਖਾਲਸਾ ਜੀ, ਇਨ੍ਹਾਂ RTI ਤੋਂ ਇਹ ਸਾਬਤ ਹੁੰਦਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਿਛਲੇ 9 ਸਾਲ 6 ਮਹੀਨਿਆਂ ਤੋਂ ਫੈਸਲਾ ਨਾ ਕਰਨਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਵ ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕਰਨਾ ਅਤੇ ਫਿਰ ਉਸ ਤੋਂ ਮੁਕਰ ਜਾਣਾ ਜਿੱਥੇ ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਅਪਮਾਨ ਹੈ , ਉੱਥੇ ਕੇਂਦਰੀ ਗ੍ਰਹਿ ਮੰਤਰਾਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਕੋਰਟ ਨੂੰ ਝੂਠ ਬੋਲ ਕੇ, ਗੁੰਮਰਾਹ ਕਰਕੇ ਸੁਪਰੀਮ ਕੋਰਟ ਦੇ ਆਡਰਾਂ ਦਾ ਵੀ ਅਪਮਾਨ ਕਰ ਰਿਹਾ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਨ੍ਹਾਂ ਦੀ ਨੀਯਤ ਵਿੱਚ ਹੀ ਖੋਟ ਹੈ।
ਖਾਲਸਾ ਜੀ, ਵੀਰਜੀ ਰਾਜੋਆਣਾ ਜੀ ਨੂੰ 26 ਸਾਲ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਵੀ ਫੈਸਲੇ ਲਈ ਟਾਲ-ਮਾਟੋਲ ਕਰਨਾ ਇਨਸਾਫ਼ ਨਹੀਂ, ਇਨਸਾਫ਼ ਦਾ ਕਤਲ ਹੈ। ਇਸੇ ਦਿੱਲੀ ਦੀਆਂ ਗਲੀਆਂ ਵਿੱਚ ਦਸ ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਕਿਸੇ ਵੀ ਕਾਤਲ ਨੂੰ 26 ਦਿਨ ਵੀ ਜੇਲ੍ਹ ਵਿੱਚ ਨਹੀਂ ਰੱਖਿਆ।