ਅਧਿਆਪਕ ਆਗੂ ਜਸਵਿੰਦਰ ਸਿੰਘ ਔਲਖ ਦੀ ਬਦਲੀ ਕਰਨ ਦੀ ਸਖਤ ਨਿਖੇਧੀ
ਮੁੱਖ ਮੰਤਰੀ ਤੋਂ ਸਿੱਖਿਆ ਸਕੱਤਰ ਨੂੰ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ 'ਚੋਂ ਹਟਾਉਣ ਦੀ ਕੀਤੀ ਮੰਗ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 24 ਸਤੰਬਰ, 2021- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ ਕਨਵੀਨਰਾਂ ਦੀ ਮੀਟਿੰਗ, ਮੋਰਚੇ ਦੇ ਕਨਵੀਨਰ ਵਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਜਸਵਿੰਦਰ ਸਿੰਘ ਔਲਖ ਦੀ ਹੋਈ ਜਬਰੀ ਬਦਲੀ ਦੀ ਸਖ਼ਤ ਨਿਖੇਧੀ ਕਰਦਿਆਂ 'ਸਕੱਤਰ ਭਜਾਓ, ਸਿੱਖਿਆ ਬਚਾਓ' ਮੁਹਿੰਮ ਨੂੰ ਹੋਰ ਤੇਜ਼ੀ ਨਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਤੇ ਦੋਨੋਂ ਡਿਪਟੀ ਮੁੱਖ ਮੰਤਰੀਆਂ ਤੋਂ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ ਵਿੱਚੋਂ ਤਾਨਾਸ਼ਾਹੀ ਪ੍ਰਵਿਰਤੀ ਦਾ ਪ੍ਰਗਟਾਵਾ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਹਟਾਉਣ ਅਤੇ ਅਧਿਆਪਕ ਮਸਲੇ ਹੱਲ ਕਰਨ ਦੀ ਮੰਗ ਸਬੰਧੀ 25 ਸਤੰਬਰ ਨੂੰ ਮੋਰਿੰਡਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਖੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਮੌਜੂਦ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸਲਾਣਾ, ਬਾਜ ਸਿੰਘ ਖਹਿਰਾ, ਹਰਜੀਤ ਸਿੰਘ ਬਸੋਤਾ, ਹਰਵਿੰਦਰ ਸਿੰਘ ਬਿਲਗਾ ਅਤੇ ਕੋ ਕਨਵੀਨਰਾਂ ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਹਰੀਕਾ, ਅਮਨਬੀਰ ਸਿੰਘ ਗੁਰਾਇਆ ਤੋਂ ਇਲਾਵਾ ਪ੍ਰੇਮ ਚਾਵਲਾ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ, ਅਧਿਆਪਕ ਆਗੂ ਜਸਵਿੰਦਰ ਸਿੰਘ ਔਲਖ ਵਲੋਂ ਅਧਿਆਪਕ ਵਰਗ ਦੇ ਮਾਨ ਸਨਮਾਨ ਦੀ ਬਹਾਲੀ ਅਤੇ ਸਿੱਖਿਆ ਤੇ ਅਧਿਆਪਕ ਮੰਗਾਂ ਦਾ ਵਾਜਿਬ ਹੱਲ ਕਰਵਾਉਣ ਨਾਲ ਸਬੰਧਤ ਸੰਘਰਸ਼ਾਂ ਦੀ ਅਗਵਾਈ ਕਰਨ ਅਤੇ "ਸਕੱਤਰ ਹਟਾਓ ਸਿੱਖਿਆ ਬਚਾਓ" ਤਹਿਤ ਹੋ ਰਹੇ ਵਿਰੋਧ ਤੋਂ ਬੌਖਲਾਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਨ੍ਹਾਂ ਦੀ ਸਰਕਾਰੀ ਮਿਡਲ ਸਕੂਲ ਸਿਆਊ (ਮੋਹਾਲੀ) ਤੋਂ ਜਬਰੀ ਬਦਲੀ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਬੀਤੀ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਵਿਖੇ ਹੋਈ ਅਧਿਆਪਕ ਸਨਮਾਨ ਬਹਾਲੀ ਰੈਲੀ ਦਾ ਸੁਨੇਹਾ ਇੱਕ ਵ੍ਹੱਟਸਐਪ ਗਰੁੱਪ ਵਿੱਚ ਪਾਉਣ ਦੇ ਹਵਾਲੇ ਨਾਲ ਸਿੱਖਿਆ ਵਿਭਾਗ ਵਲੋਂ ਚੁੱਕਿਆ ਗਿਆ ਇਹ ਕਦਮ ਸਾਬਿਤ ਕਰਦਾ ਹੈ, ਕਿ ਅਫ਼ਸਰ ਸ਼ਾਹੀ ਵਾਲੇ ਨਸ਼ੇ ਵਿੱਚ ਚੂਰ ਹੋ ਕੇ ਸਿੱਖਿਆ ਸਕੱਤਰ ਵਲੋਂ ਅਧਿਆਪਕਾਂ ਦੇ ਵਿਚਾਰ ਪ੍ਰਗਟਾਵੇ ਦੀ ਜਮਹੂਰੀ ਆਜ਼ਾਦੀ ਨੂੰ ਕੁਚਲਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਪੰਜਾਬ ਦੇ ਅਧਿਆਪਕ ਤੇ ਹੋਰ ਇਨਸਾਫ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਸਬੰਧੀ ਜਿੱਥੇ ਡਿਪਟੀ ਕਮਿਸ਼ਨਰ ਮੋਹਾਲੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਸ ਜਬਰੀ ਬਦਲੀ ਨੂੰ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਜਾਵੇਗਾ। ਉੱਥੇ 25 ਸਤੰਬਰ ਨੂੰ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੋਰਿੰਡਾ ਵਿਖੇ ਮੁੱਖ ਮੰਤਰੀ ਪੰਜਾਬ ਨੂੰ ਮੁਲਾਜ਼ਮ ਮੰਗਾਂ ਸਬੰਧੀ ਨੋਟਿਸ ਦੇਣ ਸਮੇਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਵੀ ਸਿੱਖਿਆ ਸਕੱਤਰ ਨੂੰ ਹਟਾਉਣ ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਸਹਿਮਤੀ ਅਨੁਸਾਰ ਵਿਕਟੇਮਾਈਜ਼ੇਸ਼ਨਾਂ ਹੱਲ ਕਰਨ ਸਬੰਧੀ 'ਮੰਗ ਪੱਤਰ' ਦਿੱਤਾ ਜਾਵੇਗਾ ਅਤੇ 25 ਸਤੰਬਰ ਨੂੰ ਹੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫ਼ਦ ਡਿਪਟੀ ਮੁੱਖ ਮੰਤਰੀਆਂ ਨੂੰ ਗੁਰਦਾਸਪੁਰ ਅਤੇ ਅਮ੍ਰਿਤਸਰ ਸਾਹਿਬ ਵਿਖੇ ਵੀ ਮੰਗ ਪੱਤਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਹਿਲਾਂ ਕੀਤੇ ਐਲਾਨ ਅਨੁਸਾਰ ਅਧਿਆਪਕਾਂ ਦੇ ਮਾਨ-ਸਨਮਾਨ ਦੀ ਬਹਾਲੀ ਲਈ ਸਿੱਖਿਆ ਸਕੱਤਰ ਦੇ ਵਿਜਟ ਪ੍ਰੋਗਰਾਮ ਅਨੁਸਾਰ ਜ਼ਿਲ੍ਹਿਆਂ ਵਿੱਚ ਸਕੱਤਰ ਦੇ ਪੁਤਲੇ ਫੂਕਣ ਦੇ ਸਾਂਝੇ ਐਕਸ਼ਨ ਜਾਰੀ ਰੱਖੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁਲਾਜ਼ਮ ਹਿੱਤਾਂ ਅਨੁਸਾਰ ਲਾਗੂ ਕਰਦਿਆਂ 01-01-2016 ਤੋਂ ਰਿਵਾਇਜ਼ਡ ਕੈਟਾਗਰੀਆਂ ਲਈ 2.72, ਪਾਰਸ਼ਲੀ ਰਿਵਾਇਜਡ ਲਈ 2.89, ਅਨ-ਰਿਵਾਇਜ਼ਡ ਲਈ 3.06 ਦੇ ਗੁਣਾਂਕ ਅਤੇ ਇਸੇ ਤਰ੍ਹਾਂ ਪਰਖ ਸਮਾਂ ਐਕਟ-2015 ਤਹਿਤ ਭਰਤੀ/ਰੈਗੂਲਰ ਹੋਏ ਮੁਲਾਜ਼ਮਾਂ ਲਈ ਤਨਖਾਹ ਕਮਿਸ਼ਨ ਲਾਗੂ ਕਰਨ ਮੌਕੇ ਪਰਖ ਕਾਲ ਦੌਰਾਨ ਸਬੰਧਿਤ ਕਾਡਰ ਦੀ ਮੁੱਢਲੀ ਤਨਖਾਹ ਵਿੱਚ ਗਰੇਡ ਪੇਅ ਜੋੜਣ ਉਪਰੰਤ ਹੀ ਫਰੰਟ ਦੀ ਮੰਗ ਅਨੁਸਾਰ ਉਪਰੋਕਤ ਗੁਣਾਂਕ ਅਤੇ ਸਾਰੇ ਲਾਭ ਲਾਗੂ ਕਰਨ, ਸਾਰੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕਰਨ, 1 ਜਨਵਰੀ 2004 ਤੋਂ ਬਾਅਦ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ ਅਤੇ ਹੋਰ ਮੁਲਾਜ਼ਮ ਮੰਗਾਂ ਸਬੰਧੀ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ 2 ਅਕਤੂਬਰ ਤੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਐਲਾਨੇ ਪੱਕੇ ਮੋਰਚੇ ਵਿਚ ਅਧਿਆਪਕਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਕੁਲਦੀਪ ਸਿੰਘ ਦੌੜਕਾ ਵੀ ਮੌਜੂਦ ਰਹੇ।