ਕੇਂਦਰੀ ਟੀਮ ਵੱਲੋਂ ਜ਼ਿਲ੍ਹਾ ਵੈਕਸੀਨ ਸਟੋਰ ਦੀ ਚੈਕਿੰਗ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 24 ਸਤੰਬਰ 2021:- ਕੇਂਦਰੀ ਟੀਮ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਥਿਤ ਜ਼ਿਲ੍ਹਾ ਵੈਕਸੀਨ ਸਟੋਰ ਦੀ ਚੈਕਿੰਗ ਕੀਤੀ, ਜਿਸ ਦਾ ਮੁੱਖ ਮਕਸਦ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਵੈਕਸੀਨ ਦੇ ਸਹੀ ਰੱਖਰਖਾਵ ਅਤੇ ਉਸ ਦੇ ਰਿਕਾਰਡ ਨੂੰ ਮਨਟੇਨ ਕਰਨ ਦੇ ਢੰਗ-ਤਰੀਕਿਆਂ ਦੀ ਸਮੀਖਿਆ ਕਰਨਾ ਸੀ।
ਕੇਂਦਰੀ ਟੀਮ ਜਿਸ ਵਿਚ ਦਿੱਲੀ ਆਧਾਰਿਤ ਨੈਸ਼ਨਲ ਪ੍ਰੋਗਰਾਮ ਮੈਨੇਜਰ ਡਾ ਚਿਰਨਜੀਵ, ਸਟੇਟ ਪ੍ਰੋਗਰਾਮ ਅਫਸਰ ਯੂ.ਐੱਨ.ਡੀ.ਪੀ. ਪੰਜਾਬ ਡਾ ਮਨੀਸ਼ਾ ਮੰਡਲ, ਪ੍ਰੋਜੈਕਟ ਅਫ਼ਸਰ ਯੂ.ਐੱਨ.ਡੀ.ਪੀ. ਚੰਡੀਗੜ੍ਹ ਸ਼ਾਮਲ ਸਨ, ਨੇ ਆਈ ਐੱਲ ਆਰ ਸਮੇਤ ਈਵਿਨ ਸਟਾਕ ਰਜਿਸਟਰ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਵੈਕਸੀਨ ਦੇ ਸਹੀ ਰੱਖਰਖਾਵ ਤੇ ਸਪਲਾਈ ਦੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਬਲਵਿੰਦਰ ਕੁਮਾਰ ਸਮੇਤ ਵੈਕਸੀਨ ਕੋਲਡ ਚੇਨ ਮੈਨੇਜਰ ਗੁਰਪ੍ਰੀਤ ਸਿੰਘ ਅਤੇ ਕੰਪਿਊਟਰ ਸਹਾਇਕ ਸੁਸ਼ੀਲ ਕੁਮਾਰ ਵੀ ਹਾਜ਼ਰ ਸਨ।
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੈਕਸੀਨ ਦੇ ਸਹੀ ਰੱਖਰਖਾਵ ਤੇ ਸਪਲਾਈ ਵੰਡ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨਵੀਂ ਈ-ਵਿਨ ਤਕਨੀਕ ਰਾਹੀਂ ਟੀਕਾਕਰਨ ਸਪਲਾਈ ਚੇਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਜ਼ਰੀਏ ਜ਼ਿਲ੍ਹੇ ਵਿਚ ਵੈਕਸੀਨ ਦੀ ਸਪਲਾਈ, ਉਪਲੱਬਧਤਾ, ਵੰਡ ਤੇ ਖਪਤ ਦੀ ਆਨਲਾਈਨ ਜਾਣਕਾਰੀ ਰੱਖੀ ਜਾ ਰਹੀ ਹੈ ਅਤੇ ਇਸ ਨੂੰ ਕਿਸੇ ਵੀ ਸਮੇਂ ਆਨਲਾਈਨ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਵੈਕਸੀਨ ਦੀ ਵੰਡ ਸਹੀ ਢੰਗ ਨਾਲ ਕੀਤੀ ਜਾ ਸਕਦੀ ਹੈ ਅਤੇ ਵੈਕਸੀਨ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਘੱਟ ਜਾਵੇਗੀ, ਕਿਉਂਕਿ ਇਸ ਤਕਨੀਕ ਜ਼ਰੀਏ ਵੈਕਸੀਨ ਦੀ ਵੇਸਟੇਜ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਹੈ।