ਸਟੇਟ ਐਵਾਰਡ ਲਈ 10 ਅਕਤੂਬਰ ਤੱਕ ਬਿਨੈ ਪੱਤਰ ਦੇ ਸਕਦੇ ਹਨ ਦਿਵਿਆਂਗਜਨ-ਸੰਤੋਸ਼ ਵਿਰਦੀ
ਨਵਾਂਸ਼ਹਿਰ, ਬਾਬੂਸ਼ਾਹੀ ਨੈੱਟਵਰਕ-24 ਸਤੰਬਰ 2021-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਵਿੱਤੀ ਸਾਲ 2021-22 ਦੌਰਾਨ ਯੋਗ ਦਿਵਿਆਂਗਜਨ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ, ਜਿਨਾਂ ਵੱਲੋਂ ਦਿਵਿਆਂਗਜਨ ਦੀ ਭਲਾਈ ਦੇ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਹੋਣ, ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ਲਈ ਵਿਚਾਰਿਆ ਜਾਣਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਸੰਤੋਸ਼ ਵਿਰਦੀ ਨੇ ਦੱਸਿਆ ਕਿ ਇਸ ਸਬੰਧੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਚਾਹਵਾਨ ਦਿਵਿਆਂਗਜਨ 10 ਅਕਤੂਬਰ 2021 ਤੱਕ ਆਪਣੇ ਬਿਨੈ ਪੱਤਰ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਕਮਰਾ ਨੰਬਰ 103 ਤੇ 104, ਜ਼ਿਲਾ ਪ੍ਰਬੰਧਕੀ ਕੰਪਲੈਕਸ, ਚੰਡੀਗੜ੍ਰ ਰੋਡ, ਨਵਾਂਸ਼ਹਿਰ ਵਿਖੇ ਨਿੱਜੀ ਤੌਰ ’ਤੇ ਦੇ ਸਕਦੇ ਹਨ ਜਾਂ ਰਜਿਸਟਰਡ ਪਾਰਸਲ ਰਾਹੀਂ ਭੇਜ ਸਕਦੇ ਹਨ। ਉਨਾਂ ਦੱਸਿਆ ਕਿ ਬਿਨੈਕਾਰਾਂ ਲਈ ਲੋੜੀਂਦੀਆਂ ਯੋਗਤਾਵਾਂ, ਬਿਨੈ ਪੱਤਰ ਦੇਣ ਦੀ ਵਿਧੀ ਅਤੇ ਫਾਰਮ ਆਦਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਵੈੱਬਸਾਈਟ nawanshahr.nic.in ’ਤੇ ਅਪਲੋਡ ਕਰ ਦਿੱਤੇ ਗਏ ਹਨ।