ਸੰਗਰੂਰ: ਸ਼ਨੀਵਾਰ ਨੂੰ ਸਿਹਤ ਵਿਭਾਗ ਸੰਗਰੂਰ ਵੱਲੋਂ 30,000 ਕੋਵਿਡ ਟੀਕਾਕਰਨ ਖੁਰਾਕਾਂ ਲਗਾਉਣ ਦਾ ਟੀਚਾ
ਦਲਜੀਤ ਕੌਰ ਭਵਾਨੀਗੜ੍ਹ
- ਕੋਵਿਡ-19 ਟੀਕਾਕਰਨ ਲਈ ਮੈਗਾ ਡਰਾਈਵ ਕੈਂਪਾਂ ਦਾ ਲਾਹਾ ਲੈਣ ਜ਼ਿਲਾ ਵਾਸੀ: ਡਿਪਟੀ ਕਮਿਸ਼ਨਰ
ਸੰਗਰੂਰ, 24 ਸਤੰਬਰ, 2021: ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਕੋਵਿਡ -19 ਦੀ ਤੀਜੀ ਸੰਭਾਵੀ ਲਹਿਰ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਜ਼ਿਲੇ ਦੇ ਸਮੂਹ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਟੀਕਾਕਰਨ ਵਿਚ ਹੋਰ ਤੇਜ਼ੀ ਲਿਆਉਣ ਲਈ 25 ਸਤੰਬਰ 2021 ਨੂੰ ਜ਼ਿਲੇ ’ਚ ਵੱਖ ਵੱਖ ਥਾਵਾਂ ’ਤੇ ਮੈਗਾ ਡਰਾਈਵ ਕੈਂਪ ਲਗਾਏ ਜਾ ਰਹੇ ਹਨ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਇਨਾਂ ਮੈਗਾ ਡਰਾਈਵ ਕੈਂਪਾਂ ਲਈ ਵੈਕਸੀਨ ਦੀਆਂ ਸਿਹਤ ਵਿਭਾਗ ਸੰਗਰੂਰ ਦੇ ਵੱਖ-ਵੱਖ ਬਲਾਕਾਂ ਲਈ 30 ਹਜਾਰ ਖੁਰਾਕਾਂ ਪ੍ਰਾਪਤ ਹੋਈਆਂ ਹਨ ਜਿਨਾਂ ’ਚ 27 ਹਜ਼ਾਰ ਕੋਵੀਸ਼ੀਲਡ ਅਤੇ 3 ਹਜ਼ਾਰ ਕੋਵੈਕਸੀਨ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਟੀਕਾਕਰਨ ਕੈਂਪਾਂ ਲਈ ਲੋੜੀਂਦਾ ਖੁਰਾਕ ਮੁਹੱਈਆ ਕਰਵਾ ਦਿੱਤੀ ਗਈ ਹੈ।
ਡਿਪਟੀ ਕਮਿਸਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਵੱਧ ਉਮਰ ਦੇ ਸਮੂਹ ਲਾਭਪਾਤਰੀ ਇਨਾਂ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਟੀਕਾਕਰਨ ਕਰਵਾਉਣ ਅਤੇ ਇਸ ਮਹਾਂਮਾਰੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ। ਉਨਾਂ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਅਜੇ ਕੋਵਿਡ ਵੈਕਸੀਨ ਦੀ ਕੋਈ ਖੁਰਾਕ ਨਹੀਂ ਲਈ ਉਹ ਜਲਦੀ ਤੋਂ ਜਲਦੀ ਵੈਕਸੀਨ ਲਗਵਾਉਣ।
ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਲਗਵਾਉਣ ਵਾਲੇ ਵਿਅਕਤੀ 84 ਦਿਨਾਂ ਬਾਅਦ ਅਤੇ ਕੋਵੈਕਸੀਨ ਲਗਵਾਉਣ ਵਾਲੇ ਵਿਅਕਤੀ 28 ਦਿਨਾਂ ਬਾਅਦ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਜਾਰੀ ਸਾਵਧਾਨੀਆਂ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ।