ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪੀਪੀਪੀਐੱਫ) ਨੇ 26 ਸਤੰਬਰ ਦੇ ਲੁਧਿਆਣਾ ਸੈਮੀਨਾਰ ਦੀ ਉਲੀਕੀ ਰੂਪਰੇਖਾ
ਦਲਜੀਤ ਕੌਰ ਭਵਾਨੀਗੜ੍ਹ
- ਪੀਪੀਪੀਐੱਫ ਫਰੰਟ ਦੀ ਸੂਬਾ ਕਮੇਟੀ ਮੀਟਿੰਗ ਨੇ ਪੰਜਾਬ ਵਿੱਚ ਐਨਪੀਐਸ ਮੁਲਾਜ਼ਮਾਂ ਦੀ ਸਾਂਝੀ ਲਹਿਰ ਉਸਾਰਨ ਦੀ ਅਪਣਾਈ ਮੁੱਖ ਨੀਤੀ
- ਐਨ.ਪੀ.ਐਸ. ਮੁਲਾਜ਼ਮਾਂ ਦੇ ਸਾਂਝੇ, ਵਿਸ਼ਾਲ ਅਤੇ ਤਿੱਖੇ ਘੋਲਾਂ ਦੀ ਉਸਾਰੀ ਲਈ ਹਰ ਸੰਘਰਸ਼ੀਲ ਧਿਰ ਨਾਲ਼ ਪਾਵਾਂਗੇ ਸੰਘਰਸ਼ੀ ਜੋਟੀ: ਪੀ.ਪੀ.ਪੀ.ਐੱਫ
ਚੰਡੀਗੜ੍ਹ , 24 ਸਤੰਬਰ, 2021: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋੰ 26 ਸਤੰਬਰ ਨੂੰ ਲੁਧਿਆਣੇ ਪੈਨਸ਼ਨਰ ਭਵਨ ਵਿੱਚ ਕੀਤੇ ਜਾ ਰਹੇ ਸੈਮੀਨਾਰ ਦੀ ਰੂਪ ਰੇਖਾ ਉਲੀਕਣ ਲਈ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨਾਲ਼ ਸਾਂਝੀ ਕਰਦਿਆਂ ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਸੈਮੀਨਾਰ ਦਾ ਮੁੱਖ ਵਿਸ਼ਾ "ਪੁਰਾਣੀ ਪੈਨਸ਼ਨ ਬਹਾਲੀ: ਐਨ.ਪੀ.ਐਸ ਮੁਲਾਜ਼ਮਾਂ ਦੀ ਵਿਸ਼ਾਲ ਏਕਤਾ ਅਤੇ ਸਾਂਝੀ ਲਹਿਰ" ਹੋਵੇਗਾ। ਇਸ ਸੂਬਾ ਕਮੇਟੀ ਮੀਟਿੰਗ ਵਿੱਚ ਇੱਕਮੱਤ ਰਾਏ ਨਾਲ਼ ਪੰਜਾਬ ਵਿੱਚ ਨਵੀ ਪੈਨਸ਼ਨ ਪ੍ਰਣਾਲੀ ਦੇ ਘੇਰੇ ਵਿੱਚ ਆਉਂਦੇ ਹਰ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਲਾਮਬੰਦ ਕਰਨ ਅਤੇ ਇਸ ਲਾਮਬੰਦੀ ਰਾਹੀਂ ਸਾਂਝਾ ਘੋਲ ਉਸਾਰਨ ਨੂੰ ਫਰੰਟ ਦੀ ਸੰਘਰਸ਼ੀ ਸੇਧ ਵੱਜੋੰ ਅਪਣਾਇਆ ਗਿਆ। ਉਹਨਾਂ ਦੱਸਿਆ ਕਿ ਫਰੰਟ ਵੱਲੋੰ ਇਸ ਸੇਧ ਦੀ ਰੌਸ਼ਨੀ ਤੇ ਅਮਲ ਵੱਜੋੰ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਰਗਰਮ ਸੀ.ਐਪ.ਐਫ ਇੰਪਲਾਇਜ਼ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰਾਂ ਨੂੰ ਸੈਮੀਨਾਰ ਵਿੱਚ ਮੁੱਖ ਬੁਲਾਰੇ ਵੱਜੋੰ ਸੱਦਿਆ ਜਾਵੇਗਾ।ਉਹਨਾਂ ਦੱਸਿਆ ਕਿ 2004 ਤੋੰ ਭਰਤੀ ਮੁਲਾਜ਼ਮਾਂ ਤੇ ਨਵੀਂ ਪੈਨਸ਼ਨ ਪ੍ਰਣਾਲੀ ਦੀ ਬਜਾਏ ਸਮਾਜਿਕ ਸੁਰੱਖਿਆ ਵਾਲੀ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਲਈ ਐੱਨ.ਪੀ.ਐਸ ਮੁਲਾਜ਼ਮਾਂ ਦੀ ਇੱਕਮੁੱਠ ਤਾਕਤ ਹੀ ਹਾਕਮ ਸਰਕਾਰਾਂ ਦੀ ਇਸ ਕਾਰਪੋਰੇਟ ਪੱਖੀ ਨੀਤੀ ਨੂੰ ਚੁਣੌਤੀ ਦੇ ਸਕਦੀ ਹੈ।
ਪੀ.ਪੀ.ਪੀ.ਐੱਫ ਦੇ ਕੋ-ਕਨਵੀਨਰ ਜਸਵੀਰ ਭੰਮਾਂ ਅਤੇ ਸੁਖਵਿੰਦਰ ਗਿਰ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਮੇਤ ਮੁਲਾਜ਼ਮਾਂ ਦੀਆਂ ਹੋਰਨਾਂ ਸਾਂਝੀਆਂ ਮੰਗਾਂ ਲਈ ਸੰਘਰਸ਼ੀਲ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੇ ਪ੍ਰੋਗਰਾਮਾਂ ਨੂੰ ਪਹਿਲ ਦੇ ਅਧਾਰ ਤੇ ਲਾਗੂ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬ-ਯੂਟੀ ਫਰੰਟ ਵੱਲੋੰ 2 ਅਕਤੂਬਰ ਤੋੰ ਐਲਾਨੇ ਮੋਰਿੰਡਾ ਪੱਕੇ ਧਰਨੇ ਦੀ ਬੱਝਵੀਂ ਹਮਾਇਤ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਹਰਦੀਪ ਟੋਡਰਪੁਰ, ਪਵਨ ਕੁਮਾਰ, ਸੱਤਪਾਲ ਸਮਾਣਵੀ, ਗੁਰਮੁੱਖ ਲੋਕ ਪ੍ਰੇਮੀ, ਗੁਰਜੀਤ ਸਿੰਘ, ਪਰਮਾਤਮਾ ਸਿੰਘ, ਹਰਵਿੰਦਰ ਰੱਖੜਾ ਅਤੇ ਬਲਕਾਰ ਸਿੰਘ ਆਦਿ ਹਾਜ਼ਰ ਰਹੇ।