ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਮੁੱਖ ਮੰਤਰੀ ਅਤੇ ਸਕੱਤਰ ਨਾਲ ਹੋਈ ਮੀਟਿੰਗ
ਦਲਜੀਤ ਕੌਰ ਭਵਾਨੀਗੜ੍ਹ
- ਸਰਕਾਰ ਵੱਲੋਂ ਜਲਦੀ ਮੰਗਾਂ ਪੂਰੀਆਂ ਕਰਨ ਦਾ ਮਿਲਿਆ ਭਰੋਸਾ
- ਮੰਗਾਂ ਨਾ ਮੰਨੇ ਜਾਣ ਤੇ 3 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਕਰਨਗੇ ਘਿਰਾਓ
ਚੰਡੀਗੜ੍ਹ, 24 ਸਤੰਬਰ, 2021: ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਸਾਢੇ ਚਾਰ ਸਾਲ ਤੋ ਸੰਘਰਸ਼ ਕਰਦੇ ਆ ਰਹੇ ਟੈੱਟ ਪਾਸ ਬੇਰੁਜ਼ਗਾਰ ਬੀ. ਐਡ ਅਧਿਆਪਕਾਂ ਨੂੰ ਪਹਿਲੀ ਵਾਰ ਮੁੱਖ ਮੰਤਰੀ ਦੀ ਮਿਲਣੀ ਨਸੀਬ ਹੋਈ ਹੈ।
ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਮੁੱਚੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਤੱਕ ਆਪਣੀਆਂ ਮੰਗਾਂ ਪੁਚਾਉਣ ਮਗਰੋਂ 24 ਸਤੰਬਰ ਨੂੰ ਖਰੜ ਵਿਖੇ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਉਲੀਕਿਆ ਗਿਆ ਸੀ। ਪ੍ਰੰਤੂ ਮੋਹਾਲੀ ਪ੍ਰਸ਼ਾਸ਼ਨ ਵੱਲੋ ਬੇਰੁਜ਼ਗਾਰਾਂ ਦੀ ਮਿਲਣੀ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨਿਸਚਿਤ ਕਰਵਾਈ ਗਈ ਸੀ। ਜਿਸ ਤੇ ਚੱਲਦਿਆਂ ਅੱਜ ਪ੍ਰਮੁੱਖ ਸਕੱਤਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲਣੀ ਹੋਈ।
ਮੀਟਿੰਗ ਵਿੱਚ ਸ਼ਾਮਿਲ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਨਰਿੰਦਰ ਫਾਜਲਿਕਾ ਅਤੇ ਕੁਲਵੰਤ ਲੋਂਗੋਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਰੁਜ਼ਗਾਰ ਯੂਨੀਅਨ ਨੂੰ ਸਾਰੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੰਦੇ ਹੋਏ ਕੁਝ ਕੁ ਦਿਨਾਂ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਉਹ ਰੁਜ਼ਗਾਰ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਹੱਲ ਕਰਨਗੇ ਕਿਉਂਕਿ ਉਨ੍ਹਾਂ ਦੀ ਸਰਕਾਰ ਰੁਜ਼ਗਾਰ ਮੁੱਹਈਆ ਕਰਨ ਲਈ ਹੀ ਬਣੀ ਹੈ।
ਬੇਰੁਜ਼ਗਾਰਾਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਵੱਲੋ 9 ਮਹੀਨੇ ਤੋ ਕੀਤੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਦੇ ਪੱਕੇ ਘਿਰਾਓ, 21 ਅਗਸਤ ਤੋ ਸੰਗਰੂਰ ਵਿਖੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠੇ ਹੋਏ ਮੁਨੀਸ਼ ਕੁਮਾਰ ਸਮੇਤ ਸਮੁੱਚੀਆਂ ਮੰਗਾਂ ਤੋ ਜਾਣੂ ਕਰਵਾਇਆ ਗਿਆ।
ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰਾਂ ਵੱਲੋਂ ਸੰਗਰੂਰ ਚਲਦਾ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਸਰਕਾਰ ਵੱਲੋਂ ਮਿਲਿਆ ਭਰੋਸਾ ਜੇਕਰ ਲਾਗੂ ਨਾ ਹੋਇਆ ਤਾਂ 3 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹਰਦੀਪ ਫਾਜਲਿਕਾ ਤੋਂ ਇਲਾਵਾ ਰਿੰਪੀ ਕੌਰ ਆਦਿ ਵੀ ਹਾਜ਼ਰ ਸਨ।