ਨੀਟ ਦੀ ਪ੍ਰੀਖਿਆ ਵਿੱਚ ਸਿੱਖ ਪ੍ਰੀਖਿਆਰਥੀਆਂ ਦੇ ਕਕਾਰ ਉਤਾਰੇ ਜਾਣ ਦਾ ਪੰਜਾਬ ਭਾਜਪਾ ਨੇ ਕੀਤਾ ਵਿਰੋਧ
- ਅਸ਼ਵਨੀ ਸ਼ਰਮਾ ਨੇ ਸਿੱਖਿਆ ਮੰਤਰੀ, ਭਾਰਤ ਸਰਕਾਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਚੁੱਕੀ ਮੰਗ
- ਨੀਟ ਦੀ ਪ੍ਰੀਖਿਆ ਵਿੱਚ ਸਿੱਖ ਪ੍ਰੀਖਿਆਰਥੀ ਦੇ ਕਕਾਰ ਉਤਰਵਾਏ ਜਾਣ ਦਾ ਪੰਜਾਬ ਬੀਜੇਪੀ ਨੇ ਕੀਤਾ ਵਿਰੋਧ
ਚੰਡੀਗੜ੍ਹ: 26 ਸਤੰਬਰ 2021 - ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ, ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਵਿੱਚ ਹੋਈ NEET 2021 ਦੀ ਦਾਖਲਾ ਪ੍ਰੀਖਿਆ ਦੇਣ ਗਏ ਚੰਡੀਗੜ੍ਹ ਵਾਸੀ ਭੁਪਿੰਦਰ ਸਿੰਘ ਦੇ ਪੁੱਤਰ ਇੱਕ ਅਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣੇ ਤੋਂ ਪਹਿਲਾਂ ਉਸਦਾ ਕੜਾ (ਧਾਰਮਿਕ ਚਿੰਨ੍ਹ) ਨੂੰ ਉਤਾਰਨ ਲਈ ਮਜਬੂਰ ਕੀਤੇ ਜਾਣ ‘ਤੇ ਸਖਤ ਨੋਟਿਸ ਲੈਂਦਿਆਂ ਇਸਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਸਿੱਖਿਆ ਮੰਤਰੀ, ਭਾਰਤ ਸਰਕਾਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਅਸ਼ਵਨੀ ਸ਼ਰਮਾ ਨੇ ਇਸ ਮਾਮਲੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਬੜੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਐਨ.ਈ.ਈ.ਟੀ (NEET) ਦੀ ਪ੍ਰੀਖਿਆ ਵਿੱਚ ਸਿੱਖ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ, ਅੰਮ੍ਰਿਤਧਾਰੀ ਸਿੱਖਾਂ ਨੂੰ ਉਨ੍ਹਾਂ ਦੇ ਕਕਾਰਾਂ (ਧਾਰਮਿਕ ਆਸਥਾ ਦੀ ਨਿਸ਼ਾਨੀ) ਦੇ ਨਾਲ ਬੈਠਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈI ਪਿਛਲੇ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ NEET ਦੀ ਪ੍ਰੀਖਿਆ ਵਿੱਚ ਉਨ੍ਹਾਂ ਦੇ ਕਕਾਰਾਂ ਦੇ ਨਾਲ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈI ਜਾਣਕਾਰੀ ਮੁਤਾਬਿਕ ਸੀ.ਬੀ.ਐਸ.ਈ. ਦੇ ਚੇਅਰਮੈਨ ਰਾਕੇਸ਼ ਕੁਮਾਰ ਚਤੁਰਵੇਦੀ ਵਲੋਂ ਲਈ ਗਈ NEET ਦੀ ਪ੍ਰੀਖਿਆ ਦੌਰਾਨ ਸਿੱਖ ਉਮੀਦਵਾਰਾਂ ਨੂੰ ਕੜਾ ਅਤੇ ਕ੍ਰਿਪਾਨ ਪਹਿਨ ਕੇ ਪ੍ਰੀਖਿਆ ਵਿੱਚ ਬੈਠਣ 'ਤੇ ਪਾਬੰਦੀ ਲਾਈ ਗਈ ਸੀ, ਜਿਸ ਕਾਰਨ ਸਿੱਖ ਉਮੀਦਵਾਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਮਤਿਹਾਨ ਤੋਂ ਦੋ ਘੰਟੇ ਪਹਿਲਾਂ ਚੈਕਿੰਗ ਦੇ ਨਾਂ 'ਤੇ ਸਿੱਖ ਪ੍ਰੀਖਿਆਰਥੀਆਂ ਨੂੰ ਬੁਲਾਇਆ ਅਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਾਰੇ ਨਾਗਰਿਕਾਂ ਦੇ ਅਧਿਕਾਰ ਬਰਾਬਰ ਹਨ, ਇਸ ਲਈ ਫਿਰ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਸ਼ਰਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਲਵਰ ਦੇ ਇੱਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਪ੍ਰੀ ਮੈਡੀਕਲ ਪ੍ਰੀਖਿਆ (ਏਆਈਪੀਐਮਟੀ) ਲਈ ਜੈਪੁਰ ਦੇ ਇੱਕ ਪ੍ਰੀਖਿਆ ਕੇਂਦਰ ਵਿੱਚ ਆਪਣਾ ਕੜਾ ਅਤੇ ਕਿਰਪਾਨ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ। ਵਿਦਿਆਰਥੀ ਨੇ ਇਸ ਬਾਰੇ ਈਮੇਲ ਰਾਹੀਂ ਸ਼ਿਕਾਇਤ ਵੀ ਕੀਤੀ ਸੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 25-ਏ ਦੇ ਤਹਿਤ ਸਿੱਖਾਂ ਨੂੰ ਕਕਾਰ ਪਹਿਨਣ ਦੇ ਦਿੱਤੇ ਗਏ ਅਧਿਕਾਰਾਂ ਨੂੰ ਕਈ ਵਾਰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਕਕਾਰ ਅੰਮ੍ਰਿਤਧਾਰੀ ਸਿੱਖ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਹਨ ਅਤੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਹਿੱਸਾ ਹਨI ਜੇ ਭਾਰਤ ਦਾ ਸੰਵਿਧਾਨ ਕਿਸੇ ਸਿੱਖ ਨੂੰ ਕਕਾਰ ਪਾ ਕੇ ਦੇਸ਼ ਦੀ ਸੁਪਰੀਮ ਕੋਰਟ ਅਤੇ ਸੰਸਦ ਵਿੱਚ ਜਾਣ ਦੀ ਇਜਾਜ਼ਤ ਦਿੰਦਾ ਹੈ, ਤਾਂ ਪ੍ਰੀਖਿਆ ਕੇਂਦਰ ਵਿੱਚ ਕਿਸ ਆਦੇਸ਼ ਅਤੇ ਨਿਯਮ ਅਧੀਨ ਅਤੇ ਕਿਉਂ ਸਿੱਖ ਵਿਦਿਆਰਥੀਆਂ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿੱਖ ਕਕਾਰਾਂ ਦਾ ਹਿੱਸਾ ਕੜਾ ਅਤੇ ਕਿਰਪਾਨ ਨੂੰ ਸਿੱਖਾਂ ਦੀ ਧਾਰਮਿਕ ਪਛਾਣ ਵਜੋਂ ਮੰਨਿਆ ਜਾਂਦਾ ਹੈ। ਸ਼ਰਮਾ ਨੇ ਸਿੱਖ ਆਸਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰ ਅੰਮ੍ਰਿਤਧਾਰੀ ਸਿੱਖ ਲਈ ਕਕਾਰ ਪਹਿਨਣਾ ਜ਼ਰੂਰੀ ਹੈ ਕਿਉਂਕਿ ਇਹ ਸਾਰੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਹਨ ਅਤੇ ਇਸ ਲਈ ਸਿੱਖ ਇਨ੍ਹਾਂ ਕਕਾਰਾਂ ਨੂੰ ਹਮੇਸ਼ਾ ਆਪਣੇ ਅੰਗ-ਸੰਗ ਰੱਖਦੇ ਹਨ।