ਖੱਟਕੜ ਕਲਾਂ ਵਿਚ ਭਗਤ ਸਿੰਘ ਰਾਜਗੁਰੂ, ਸੁਖਦੇਵ ਦੇ ਬੁੱਤ ਸਥਾਪਤ ਕਰਕੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
- ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਲੋੜ:ਪ੍ਰੋ.ਜਗਮੋਹਨ ਸਿੰਘ
ਨਵਾਂਸ਼ਹਿਰ 26 ਸਤੰਬਰ 2021 - ਅੱਜ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਉਂਡੇਸ਼ਨ ਖਟਕੜ ਕਲਾਂ ਅਤੇ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵਲੋਂ ਖੱਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਤੋਂ ਪਰਦੇ ਹਟਾਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਸ਼ਹੀਦਾਂ ਦੇ ਬੁੱਤਾਂ ਤੋਂ ਪਰਦੇ ਮਿਸਤਰੀ ਸੁਰਿੰਦਰਪਾਲ ਅਤੇ ਸਹਾਇਕ ਮਿਸਤਰੀ ਹਰਪਾਲ ਸਿੰਘ ਵਲੋਂ ਹਟਾਏ ਗਏ।ਇਸ ਮੌਕੇ ਵਖ ਵਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹੀਦਾਂ ਦੇ ਬੁੱਤਾਂ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਇਸ ਮੌਕੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦੇ-ਆਜ਼ਮ ਸ.ਭਗਤ ਸਿੰਘ ਦੇ ਭਾਣਜਾ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ.ਜਗਮੋਹਨ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੁਰਾਂ 1924 ਵਿਚ ਨੌਜਵਾਨਾਂ ਦੀ ਲਹਿਰ ਖੜੀ ਕੀਤੀ ਸੀ।ਉਹਨਾਂ ਨੇ ਅਹਿਸਾਸ ਕੀਤਾ ਕਿ ਨੇਤਾ ਮੁਸ਼ਕਲਾਂ ਤਾਂ ਦੱਸ ਰਹੇ ਹਨ ਪਰ ਉਹਨਾਂ ਦਾ ਹੱਲ ਨਹੀਂ।ਉਹਨਾਂ ਨੌਜਵਾਨਾਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਕਾਇਮ ਰੱਖਦਿਆਂ ਧਾਰਮਿਕ ਸੰਪਰਦਾਇਕਤਾ ਅਤੇ ਜਾਤਪਾਤ ਤੋਂ ਮੁਕਤ ਹੋਣ ਦਾ ਸੁਨੇਹਾ ਦਿੱਤਾ।
ਤੀਸਰੀ ਗੱਲ ਉਹਨਾਂ ਨੇ ਕਹੀ ਸੀ ਕਿ ਅੰਗਰੇਜ਼ਾਂ ਦਾ ਸਾਡੇ ਉੱਤੇ ਸਰਾਪ ਨਾਬਰਾਬਰੀ ਹੈ ਜਿਸਦਾ ਹੱਲ ਸਮਾਜਵਾਦ ਵਿਚ ਹੈ।ਜਗਮੋਹਨ ਸਿੰਘ ਹੁਣਾਂ ਕਿਹਾ ਕਿ ਨਾਬਰਾਬਰੀ ਦਾ ਸਾਹਮਣਾ ਅਸੀਂ ਅੱਜ ਵੀ ਕਰ ਰਹੇ ਹਾਂ।ਉਹਨਾਂ ਕਿਹਾ ਕਿ ਭਗਤ ਸਿੰਘ ਹੁਣਾਂ ਨੌਜਵਾਨਾਂ ਵਿਚ ਆਤਮਵਿਸ਼ਵਾਸ ਪੈਦਾ ਕਰਨ ਵਾਲੀ ਲਹਿਰ ਖੜੀ ਕੀਤੀ ਸੀ ।2024 ਵਿਚ ਇਸ ਲਹਿਰ ਦੀ ਸ਼ਤਾਬਦੀ ਹੈ ਨੌਜਵਾਨ ਪੀੜ੍ਹੀ ਨੂੰ ਇਸ ਸ਼ਤਾਬਦੀ ਨੂੰ ਅੱਗੇ ਹੋਕੇ ਮਨਾਉਣਾ ਚਾਹੀਦਾ ਹੈ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ । ਇਸਦੇ ਲਈ ਭਗਤ ਸਿੰਘ ਦੇ ਵਿਚਾਰਾਂ ਤੋਂ ਨੌਜਵਾਨਾਂ ਨੂੰ ਸੇਧ ਲੈਣ ਦੀ ਲੋੜ ਹੈ।
ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੇਜਿੰਦਰ ਕੌਰ ਸੰਧੂ, ਜੋਰਾਵਰ ਸਿੰਘ, ਹਰਜੀਵਨਪਾਲ ਸਿੰਘ ਗਿੱਲ ਅਤੇ ਮਨਜੀਤ ਕੌਰ ਬੋਲਾ,ਮਨਜੀਤ ਸਿੰਘ ਘੱਲ ਕਲਾਂ, ਰਜਿੰਦਰਪਾਲ ਲਖਨਪਾਲ ਨੇ ਵੀ ਵਿਚਾਰ ਪ੍ਰਗਟ ਕੀਤੇ।ਜਸਵੰਤ ਖੱਟਕੜ, ਸਰਬਜੀਤ ਮੰਗੂਵਾਲ, ਸੰਪੂਰਨ ਸਿੰਘ ਸਾਹਨੇਵਾਲ, ਅਮਨਦੀਪ ਬੰਗਾ, ਮਨਜੋਤ ਕੌਰ, ਸਾਬਰਜੋਤ ਕੌਰ, ਹਰਮਨਜੋਤ ਕੌਰ ਘੱਲ ਕਲਾਂ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਮੌਜੂਦਾ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਦੇ 7 ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਮੰਚ ਸੰਚਾਲਨ ਸਾਹਤਕਾਰ ਅਜਮੇਰ ਸਿੱਧੂ ਨੇ ਕੀਤਾ।