ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਅਹਿਮਦਗੜ੍ਹ ਵੱਲੋਂ ਕਿਸਾਨ ਜਾਗਰੂਕਤਾ ਮੁਹਿੰਮ ਜਾਰੀ
- ਪਰਾਲੀ ਖੇਤ ਵਿਚ ਮਿਲਾਉਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ
ਮਲੇਰਕੋਟਲਾ /ਅਹਿਮਦਗੜ੍ਹ 26 ਸਤੰਬਰ 2021 - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਅਹਿਮਦਗੜ੍ਹ ਦੀ ਟੀਮ ਵੱਲੋਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਅਹਿਮਦਗੜ੍ਹ ਡਾ. ਕੁਲਬੀਰ ਸਿੰਘ ਨੇ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਖੇਤੀ ਖ਼ਰਚੇ ਘਟਾਉਣ ਦੇ ਮੰਤਵ ਨਾਲ ਬੀਤੇ ਦਿਨੀਂ ਬਲਾਕ ਅਹਿਮਦਗੜ੍ਹ ਅਧੀਨ ਪਿੰਡ ਭੂਦਨ, ਫਲੋਡ ਖੁਰਦ, ਸ਼ੇਰਗੜ੍ਹ ਚੀਮਾ, ਅਜੀਮਾਬਾਦ, ਨੱਥੂਮਾਜਰਾ, ਅਹਿਮਦਗੜ੍ਹ ਛੰਨਾ, ਕੰਗਣਵਾਲ, ਦਸੌਧਾ ਸਿੰਘ ਵਾਲਾ ਵਿਖੇ ਕੈਂਪ ਆਯੋਜਿਤ ਕੀਤੇ ਗਏ।
ਇਸ ਜਾਗਰੂਕਤਾ ਮੁਹਿੰਮ ਦੌਰਾਨ ਡਾ. ਕੁਲਬੀਰ ਸਿੰਘ ਦੁਆਰਾ ਪਰਾਲੀ ਅਤੇ ਨਾੜ ਨੂੰ ਬਿਨਾਂ ਅੱਗ ਲਗਾਏ ਪੀ.ਏ.ਯੂ ਵੱਲੋਂ ਸਿਫ਼ਾਰਸ਼ ਖੇਤੀ ਮਸ਼ੀਨਰੀ ਜਿਵੇਂ ਸੁਪਰ ਸੀਡਰ, ਹੈਪੀ ਸੀਡਰ, ਚੌਪਰ, ਮਲਚਰ, ਉਲਟਾਵੇ ਹਲ ਆਦਿ ਵਰਤਦੇ ਹੋਏ ਖੇਤਾਂ ਵਿੱਚ ਹੀ ਸੰਭਾਲਣ ਸਬੰਧੀ ਜਾਣਕਾਰੀ ਦਿੱਤੀ ਗਈ।ਉਹਨਾਂ ਕਿਹਾ ਕਿ ਪਰਾਲੀ ਖੇਤ ਵਿਚ ਮਿਲਾਉਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ਉੱਥੇ ਹੀ ਲੰਮੇੇ ਸਮੇਂ ਵਿਚ ਰਸਾਇਣਿਕ ਖਾਦਾਂ ਅਤੇ ਖੇਤੀ ਜ਼ਹਿਰਾਂ ਤੇ ਨਿਰਭਰਤਾ ਵੀ ਘਟਦੀ ਹੈ।
ਮੁਹੰਮਦ ਜਮਾਲ ਬੀHਟੀHਐਮ ਅਹਿਮਦਗੜ੍ਹ ਨੇ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਨੂੰ ਜਲਾ ਕੇ ਨਸ਼ਟ ਕਰਨ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਫ਼ਸਲੀ ਵਿਭਿੰਨਤਾ ਮਨਾਉਣ ਅਤੇ ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਲਈ ਜਾਗਰੂਕ ਕੀਤਾ।
ਡਾ ਅਨਮੋਲਦੀਪ ਸਿੰਘ ਨੇ ਕੈਂਪਾਂ ਵਿਚ ਫ਼ਸਲਾਂ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਸਿਫ਼ਾਰਸ਼-ਸ਼ੁਦਾ ਖੇਤੀ ਜ਼ਹਿਰਾਂ ਦੀ ਸਪਰੇ ਕੇਵਲ ਲੋੜ ਅਨੁਸਾਰ ਹੀ ਕਰਨ ਦੀ ਅਪੀਲ ਕੀਤੀ।ਨੱਥੂ ਮਾਜਰਾ ਕੈਂਪ ਦੌਰਾਨ ਡਾ. ਰਾਕੇਸ਼ ਕੁਮਾਰ ਨੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਹਨਾਂ ਕੈਂਪਾਂ ਦੌਰਾਨ ਕਿਸਾਨਾਂ ਨਾਲ ਖੇਤੀ ਸਬੰਧੀ ਵੱਖ-ਵੱਖ ਮਸਲਿਆਂ ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਕਿਸ਼ਾਨਾਂ ਵਿੱਚ ਜਾਗਰੂਰਤਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਅਹਿਮਦਗੜ੍ਹ ਛੰਨਾ ਅਤੇ ਫਲੋਡ ਖੁਰਦ ਵਿਖੇ ਮੱਕੀ ਅਤੇ ਝੋਨੇ ਦੀ ਫ਼ਸਲ ਦਾ ਨਿਰੀਖਣ ਕੀਤਾ। ਇਸ ਮੌਕੇ ਖੇਤੀ ਉਪ-ਨਿਰੀਖਕ ਸ੍ਰੀ ਗੋਪਾਲ ਕ੍ਰਿਸ਼ਨ, ਸ੍ਰੀ ਗੁਰਦੀਪ ਸਿੰਘ, ਸ੍ਰੀ ਮਨਦੀਪ ਸਿੰਘ ਅਤੇ ਏ.ਟੀ.ਐਮ ਗੁਰਵਿੰਦਰ ਸਿੰਘ ਮੌਜੂਦ ਸਨ ।