ਪਰਾਲੀ ਪ੍ਰਬੰਧਨ ਸਬੰਧੀ ਸਹਿਕਾਰੀ ਸਭਾਵਾਂ ਅਤੇ ਕਿਸਾਨ ਗਰੁੱਪਾਂ ਦੇ ਮੈਂਬਰਾਂ ਦੀ ਹੋਈ ਮੀਟਿੰਗ
ਬਲਵਿੰਦਰ ਸਿੰਘ ਧਾਲੀਵਾਲ
- ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਕਰ ਰਿਹਾ ਜਾਗਰੂਕ - ਖਿੰਡਾ
ਸੁਲਤਾਨਪੁਰ ਲੋਧੀ 28 ਸਤੰਬਰ 2021 ਮਿਸ਼ਨ ਤੰਦਰੁਸਤ ਪੰਜਾਬ ਅਤੇ ਇਨ ਸੀਟੂ ਮੈਨੇਜਮੈਂਟ ਸਕੀਮ ਤਹਿਤ ਪਰਾਲੀ ਪ੍ਰਬੰਧਨ ਜਾਗਰੂਕਤਾ ਕੈਂਪਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ਼ੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸਬੀਰ ਸਿੰਘ ਖਿੰਡਾ ਬਲਾਕ ਖੇਤੀਬਾੜੀ ਅਫ਼ਸਰ ਸੁਲਤਾਨਪੁਰ ਲੋਧੀ ਦੀ ਸੁਚੱਜੀ ਅਗਵਾਈ ਹੇਠ ਸਹਿਕਾਰੀ ਸਭਾ ਨਵਾਂ ਠੱਟਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਖੇਤੀਬਾਡ਼ੀ ਅਫਸਰ ਜਸਬੀਰ ਸਿੰਘ ਖਿੰਡਾ ਨੇ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਸੁਲਤਾਨਪੁਰ ਲੋਧੀ ਦੀਆਂ ਸਹਿਕਾਰੀ ਸਭਾਵਾਂ ਦੇ ਸੈਕਟਰੀ ਅਤੇ ਜਿਨ੍ਹਾਂ ਕਿਸਾਨਾਂ ਦੁਆਰਾ ਪਰਾਲੀ ਪ੍ਰਬੰਧਨ ਵਾਸਤੇ ਗਰੁੱਪ ਬਣਾਏ ਗਏ ਸਨ ਨੂੰ ਸੰਬੋਧਨ ਕਰਦਿਆਂ ਹੋਇਆ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਜਿਵੇਂ ਕਿ ਹੈਪੀਸੀਡਰ, ਸੁਪਰਸੀਡਰ, ਮਲਚਰ, ਰਿਵਰਸੀਬਲ ਪਲੋਅ,ਸੁਪਰ ਐੱਸ ਐੱਮ ਐੱਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਕੈਂਪ ਨੂੰ ਸੰਬੋਧਨ ਕਰਦਿਆਂ ਜਸਬੀਰ ਸਿੰਘ ਖਿੰਡਾ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਕਰਨਾ ਕੋਈ ਏਨੀ ਜ਼ਿਆਦਾ ਔਖੀ ਗੱਲ ਨਹੀਂ ਹੈ ਜਿਹੜੇ ਕਿਸਾਨ ਸਬਜ਼ੀ ਬੀਜਦੇ ਹਨ ਉਹ ਝੋਨੇ ਦੀ ਕਟਾਈ ਤੋਂ ਬਾਅਦ ਮਲਚਰ ਨਾਲ ਮੁੱਢਾਂ ਨੂੰ ਕੁਤਰ ਕੇ ਰਿਵਰਸੀਬਲ ਪਲੋਅ ਨਾਲ ਪਰਾਲੀ ਜ਼ਮੀਨ ਵਿੱਚ ਰਲਾ ਸਕਦੇ ਹਨ ।
ਜਿਨ੍ਹਾਂ ਕਿਸਾਨਾਂ ਨੇ ਸਿਰਫ ਕਣਕ ਹੀ ਬੀਜਣੀ ਹੈ ਉਹ ਸੁਪਰ ਸੀਡਰ ਜਾਂ ਹੈਪੀ ਸੀਡਰ ਦੀ ਵਰਤੋਂ ਨਾਲ ਖੜ੍ਹੇ ਮੁੱਢਾਂ ਵਿੱਚ ਕਣਕ ਬੀਜ ਸਕਦੇ ਹਨ ।
ਇਸ ਮੌਕੇ ਤੇ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਖੇਤੀਬਾਡ਼ੀ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈ
ਅਤੇ ਸਾਨੂੰ ਮੋਢੇ ਨਾਲ ਮੋਢਾ ਜੋਡ਼ ਕੇ ਪਰਾਲੀ ਪ੍ਰਬੰਧਨ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ।ਉਨ੍ਹਾਂ ਨੇ ਸਹਿਕਾਰੀ ਸਭਾਵਾਂ ਦੇ ਸੈਕਟਰੀ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਭਾਵਾਂ ਵਿੱਚ ਮੌਜੂਦ ਸੰਦਾਂ ਨੂੰ ਬਾਹਰ ਡਿਸਪਲੇਅ ਬੋਰਡ ਉੱਤੇ ਜ਼ਰੂਰ ਲਿਖਣ ਅਤੇ ਕਿਸਾਨਾਂ ਨੂੰ ਇਨ੍ਹਾਂ ਸੰਦਾਂ ਨੂੰ ਵਰਤਣ ਸੰਬੰਧੀ ਜਾਗਰੂਕ ਕਰਨ। ਉਹਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਵਲੋਂ ਛੋਟੇ ਅਤੇ ਲੋੜਵੰਦ ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਸੰਦ ਬਹੁਤ ਘੱਟ ਰੇਟ ਤੇ ਵਰਤਨ ਲਈ ਉਪਲਬਧ ਕਰਵਾਏ ਜਾਂਦੇ ਹਨ ।ਇਸ ਮੌਕੇ ਤੇ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਲੋਧੀ ਦੇ ਬਲਾਕ ਟੈਕਨਾਲੋਜੀ ਮੈਨੇਜਰ ਯਾਦਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਦੱਸਿਆ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅਤੇ ਇਸ ਨੂੰ ਖੇਤਾਂ ਵਿਚ ਹੀ ਦਬਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਮਿੱਤਰ ਕੀੜੇ ਵੀ ਨਹੀਂ ਮਰਦੇ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਪ੍ਰਬੰਧਨ ਸਬੰਧੀ ਉਹ ਆਪਣੇ ਨੇਡ਼ੇ ਦੀ ਸਹਿਕਾਰੀ ਸਭਾ ਅਤੇ ਕਿਸਾਨ ਗਰੁੱਪਾਂ ਦੇ ਨਾਲ ਸੰਪਰਕ ਕਰਨ ।ਇਸ ਮੌਕੇ ਇੰਸਪੈਕਟਰ ਜੋਬਨਜੀਤ ਸਿੰਘ, ਸਹਿਕਾਰੀ ਸਭਾ ਤਲਵੰਡੀ ਚੌਧਰੀਆਂ ਦੇ ਨਿਰਮਲਜੀਤ ਸਿੰਘ ਪ੍ਰਧਾਨ, ਨਿਰਮਲ ਸਿੰਘ ਪਰਮਜੀਤਪੁਰ, ਕੁਲਬੀਰ ਸਿੰਘ ਸ਼ਾਹਵਾਲਾ,ਗੁਰਪ੍ਰੀਤ ਸਿੰਘ ਠੱਟਾ, ਸਲਵਿੰਦਰ ਸਿੰਘ ਵਾਟਾਂਵਾਲੀ, ਹਰਪ੍ਰੀਤ ਸਿੰਘ ਮੈਰੀਪੁਰ, ਹਰਕੁੰਦਨ ਸਿੰਘ ਉਗਰੂਪੁਰ, ਗੁਰਪ੍ਰੀਤ ਸਿੰਘ ਸੈਦਪੁਰ, ਸਰਬਜੀਤ ਸਿੰਘ ਦੰਦੂਪੁਰ, ਸੁਖਜਿੰਦਰ ਸਿੰਘ ਬੂਸੋਵਾਲ, ਹਰਪ੍ਰੀਤ ਸਿੰਘ ਹਰਨਾਮਪੁਰ, ਰਮਨਦੀਪ ਸਿੰਘ ਬੂਲਪੁਰ,ਭੁਪਿੰਦਰ ਸਿੰਘ ਟਿੱਬਾ, ਸਤਨਾਮ ਸਿੰਘ ਤਲਵੰਡੀ ਚੌਧਰੀਆਂ,ਬਲਜਿੰਦਰ ਸਿੰਘ ਫੌਜੀ ਕਾਲੋਨੀ, ਬਲਵਿੰਦਰ ਸਿੰਘ ਸ਼ਾਹਵਾਲਾ (ਸਾਰੇ ਸੈਕਟਰੀ) ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।