ਕਾਂਗਰਸ ਸਾਂਝੀ ਸਿਆਸਤ,ਸਾਂਝੀ ਵਿਰਾਸਤ ਪ੍ਰੋਗਰਾਮ ਦੇ ਤਹਿਤ ਟਕਸਾਲੀ ਆਗੂਆਂ ਦਾ ਕਰੇਗੀ ਸਨਮਾਨ
ਹਰੀਸ਼ ਕਾਲੜਾ
ਰੂਪਨਗਰ,28 ਸਤੰਬਰ 2021: ਕਾਂਗਰਸ ਪਾਰਟੀ ਹੁਣ ਸਾਂਝੀ ਸਿਆਸਤ,ਸਾਂਝੀ ਵਿਰਾਸਤ ਪ੍ਰੋਗਰਾਮ ਦੇ ਤਹਿਤ ਟਕਸਾਲੀ ਕਾਂਗਰਸੀਆਂ ਦਾ ਘਰ ਘਰ ਜਾ ਕੇ ਸਨਮਾਨ ਕਰੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਅੱਜ ਰੂਪਨਗਰ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਹਲਕਾ ਇੰਚਾਰਜ਼ ਬਰਿੰਦਰ ਸਿੰਘ ਢਿੱਲੋਂ ਨੇ ਕੀਤਾ।
ਉਨਾਂ ਕਿਹਾਕਿ ਕਾਂਗਰਸ ਕੁਝ ਬੰਦਿਆ ਦੀ ਪਾਰਟੀ ਨਹੀ ਹੈ ਬਲਕਿ ਬਹੁਤ ਵੱਡਾ ਸਮੂਹ ਹੈ,ਜਿਸ ਵਿਚ ਬਿਨਾਂ ਕਿਸੇ ਲੋਭ ਮੋਹ ਤੋਂ ਪਾਰਟੀ ਲਈ ਕੰਮ ਕਰ ਰਹੇ ਵਰਕਰ ਹਨ ਜਿਨ੍ਹਾਂ ਦੀ ਬਦੌਲਤ ਪਾਰਟੀ ਸੱਤਾਂ ਹਾਸਿਲ ਕੀਤੀ ਹੈ। ਉਨਾਂ ਕਿਹਾਕਿ ਸ਼੍ਰੋਮਣੀ ਅਕਾਲੀ ਦਲ ਵਾਂਗ ਕਾਂਗਰਸ ਦਾ ਕਲਚਰ ਨਹੀ ਹੈ ਜਿੱਥੇ ਵਰਕਰ ਨੂੰ ਇਹ ਕਿਹਾ ਜਾਦਾ ਕਿ ਕੋਈ ਨਾ ਸਰਕਾਰ ਆਉਣ ਵਾਲੀ ਹੈ ਤੈਨੂੰ ਕਰਦੇ ਆਰਥਿਕ ਤੌਰ ਤੇ ਤਕੜਾ। ਢਿੱਲੋਂ ਨੇ ਕਿਹਾ ਕਿ ਸਾਂਝੀ ਸਿਆਸਤ, ਸਾਂਝੀ ਵਿਰਾਸਤ ਪ੍ਰੋਗਰਾਮ ਦੇ ਤਹਿਤ ਅਸੀ ਜਲਦ ਹੀ ਉਨਾਂ ਟਕਸਾਲੀ ਪਰਿਵਾਰਾ ਦੇ ਘਰ ਜਾਵਾਂਗੇ ਤੇ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਹੋਰ ਕੀ ਹੋ ਸਕਦਾ ਹੈ ਦੇ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਪਾਰਟੀ ਪ੍ਰਧਾਨ ਵੱਲੋਂ ਜਾਰੀ ਕੀਤੀ ਇੱਕ ਚਿੱਠੀ ਤੇ ਸ਼ਾਲ ,ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨਾਂ ਕਿਹਾਕਿ ਕਾਂਗਰਸ ਪਾਰਟੀ ਕਿਸੇ ਦੀ ਜਗੀਰ ਨਹੀ ਹੈ ਪਾਰਟੀ ਜੋ ਵੀ ਫੈਸਲਾ ਲੈਦੀ ਹੈ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਢਿੱਲੋਂ ਨੇ ਕਿਹਾਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਸੀ ਜਿਸ ਦਾ ਮੈ ਸਵਾਗਤ ਕੀਤਾ ਸੀ । ਉਨਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਬਾਹਰਲਾ ਅੰਦਰ ਉਮੀਵਾਰ ਦਾ ਮੁੱਦਾ ਕੋਈ ਨਹੀ ਹੈ ਨਾ ਹੀ ਹਲਕੇ ਦੇ ਲੋਕ ਕਿਹ ਰਹੇ ਹਨ ਜਿਸ ਨੇ ਵਿਰੋਧ ਕਰਨਾ ਹੈ ਉਸ ਨੇ ਕਰਨਾ ਹੀ ਹੈ।ਉਨਾਂ ਕਿਹਾਕਿ ਆਉਣ ਵਾਲੀਆਂ ਵਿਧਾਨ ਸਭਾ ਚੌਣਾ ਵਿਚ ਪਾਰਟੀ ਦੀ ਇਸ ਹਲਕੇ ਤੋਂ ਜਿੱਤ ਹੋਵੇਗੀ ਇਹ ਮੇਰਾ ਯਕੀਨ ਹੈ ਕਿਉਕਿ ਵੋਟਾ ਹਲਕੇ ਦੇ ਲੋਕਾਂ ਨੇ ਪਾਉਣੀਆ ਹਨ ਨਾ ਕਿ ਵਿਰੋਧ ਕਰਨ ਵਾਲਿਆ ਨੇ । ਉਨਾਂ ਕਿਹਾਕਿ ਉਕਤ ਪ੍ਰੋਗਰਾਮ ਦਾ ਮੁੱਖ ਮਕਸੱਦ ਹੀ ਇਹ ਹੈ ਕਿ ਜਿਹੜੇ ਟਕਸਾਲੀ ਆਗੂ ,ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਉਨਾਂ ਦਾ ਸਨਮਾਨ ਕਰਨਾ ਜਰੂਰੀ ਹੈ। ਉਨਾਂ ਕਿਹਾਕਿ ਕਾਂਗਰਸ ਨੇ ਇੱਕ ਬਹੁਤ ਵੱਡੀ ਮਿਸਾਲ ਦਿੱਤੀ ਹੈ ਕਿ ਇੱਕ ਆਮ ਪਰਿਵਾਰ ਵਿਚੋ ਜਿਸ ਨੇ ਆਪਣਾ ਸਿਆਸੀ ਸਫ਼ਰ ਇੱਕ ਵਰਕਰ ਤੋਂ ਹੀ ਸ਼ੁਰੂ ਕੀਤਾ ਤੇ ਅੱਜ ਪਾਰਟੀ ਨੇ ਮੁੱਖ ਮੰਤਰੀ ਬਣਾ ਦਿੱਤਾ।
ਇਸ ਮੌਕੇ ਤੇ ਨਗਰ ਕੌਸਲ ਦੇ ਪ੍ਰਧਾਨ ਸੰਜ਼ੇ ਵਰਮਾ,ਕੋਂਸਲਰ ਨੀਰੂ ਗੁਪਤਾ,ਰਾਕੇਸ਼ ਕੁਮਾਰ,ਕੌਸਲਰ ਸਰਬਜੀਤ ਸਿੰਘ,ਗੁਰਮੀਤ ਸਿੰਘ ਰੀਕੂ,ਚਰਨਜੀਤ ਸਿੰਘ ਚੰਨੀ,ਗੁਰਜੰਟ ਸਿੰਘ ਆਦਿ ਆਗੂ ਹਾਜਰ ਸਨ।