ਭਾਰਤੀ ਸਿੱਖਿਆ ਪ੍ਰਣਾਲੀ ਸਮੁੱਚੇ ਵਿਸ਼ਵ ਲਈ ਬਤੌਰ ਬ੍ਰਾਂਡ ਸਾਹਮਣੇ ਆਈ: ਮਨੋਜ ਕੁਮਾਰ
ਹਰਜਿੰਦਰ ਸਿੰਘ ਭੱਟੀ
- ਭਾਰਤ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਦੀ ਦਾਖ਼ਲਾ ਪ੍ਰੀਕਿਰਿਆ ਨੂੰ ਸੌਖਾਲਾ ਬਣਾਉਣ ਲਈ ਸਟੱਡੀ ਇੰਨ ਇੰਡੀਆ ਮੋਬਾਇਲ ਐਪ ਕਰੇਗੀ ਜਾਰੀ: ਮਨੋਜ ਕੁਮਾਰ
- ਚੰਡੀਗੜ ਯੂਨੀਵਰਸਿਟੀ ਵੱਲੋਂ ਕਰਵਾਏ ਦੋ ਰੋਜ਼ਾ ਡਿਪਲੋਮੈਟਿਕ ਦੌਰਾਨ ਸਿੱਖਿਆ ਦੇ ਵਿਸ਼ਵੀਕਰਨ ਸਬੰਧੀ ਹੋਈ ਅਹਿਮ ਵਿਚਾਰ ਚਰਚਾ
- 'ਵਿਸ਼ਵਵਿਆਪੀ ਮਿਆਰ ਨਾਲ ਮੇਲ ਖਾਂਦੀ ਕਿਫ਼ਾਇਤੀ ਉੱਚ ਅਤੇ ਤਕਨੀਕੀ ਸਿੱਖਿਆ' ਵਿਸ਼ੇ 'ਤੇ 24 ਦੇਸ਼ਾਂ ਦੇ ਰਾਜਦੂਤਾਂ ਨੇ ਵਿਚਾਰਾਂ ਦੀ ਪਾਈ ਸਾਂਝ
- ਨਵੀਂ ਸਿੱਖਿਆ ਨੀਤੀ ਭਾਰਤ ਨੂੰ ਅੰਤਰਰਾਸ਼ਟਰੀ ਸਿੱਖਿਆ ਦਾ ਕੇਂਦਰ ਬਣਾਉਣ ਦੀ ਦਿਸ਼ਾ 'ਚ ਪੁਲ ਦਾ ਕੰਮ ਕਰੇਗੀ: ਵੀ. ਮੁਰਲੀਧਰਨ ਕੇਂਦਰੀ ਵਿਦੇਸ਼ ਰਾਜ ਮੰਤਰੀ
ਚੰਡੀਗੜ੍ਹ, 28 ਸਤੰਬਰ 2021 - ਭਾਰਤ ਵਿੱਚ 164 ਤੋਂ ਵੱਧ ਸੰਸਥਾਵਾਂ ਸਟੱਡੀ ਇੰਨ ਇੰਡੀਆ ਪ੍ਰੋਗਰਾਮ ਅਧੀਨ ਆਉਂਦੀ ਹਨ ਜਦਕਿ ਢਾਂਚਾਗਤ ਵਿਦਿਅਕ ਪ੍ਰਬੰਧਾਂ ਸਦਕਾ ਭਾਰਤੀ ਸਿੱਖਿਆ ਪ੍ਰਣਾਲੀ ਹੁਣ ਸਮੁੱਚੀ ਦੁਨੀਆ ਲਈ ਬਤੌਰ ਬ੍ਰਾਂਡ ਸਾਹਮਣੇ ਆਈ ਹੈ।ਭਾਰਤ ਵੱਲੋਂ ਸਟੱਡੀ ਇਨ ਇੰਡੀਆ ਅਧੀਨ ਜਲਦ ਹੀ ਮੋਬਾਇਲ ਐਪਲੀਕੇਸ਼ਨ ਜਾਰੀ ਕੀਤੀ ਜਾ ਰਹੀ ਹੈ, ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਇਨ ਇੰਡੀਆ ਪ੍ਰੋਗਰਾਮ ਤਹਿਤ ਆਸਾਨੀ ਨਾਲ ਰਜਿਸਟਰ ਕਰਨ 'ਚ ਸਹਾਇਤਾ ਕਰੇਗਾ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਈ.ਡੀ.ਸੀ.ਆਈ.ਐਲ ਦੇ ਚੇਅਰਮੈਨ ਅਤੇ ਐਮ.ਡੀ ਮਨੋਜ ਕੁਮਾਰ ਨੇ ਕੀਤਾ।
ਇਸ ਮੌਕੇ ਉਹ ਚੰਡੀਗੜ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਦੋ ਰੋਜ਼ਾ ਡਿਪਲੋਮੈਟਿਕ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਦੋ ਦਿਨ ਚੱਲਿਆ ਸੰਮੇਲਨ 'ਵਿਸ਼ਵਵਿਆਪੀ ਮਿਆਰ ਨਾਲ ਮੇਲ ਖਾਂਦੀ ਕਿਫ਼ਾਇਤੀ ਉੱਚ ਅਤੇ ਤਕਨੀਕੀ ਸਿੱਖਿਆ' ਵਿਸ਼ੇ 'ਤੇ ਆਧਾਰਿਤ ਸੀ। ਇਸ ਦੌਰਾਨ ਭਾਰਤੀ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਮੌਕਿਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਭਾਰਤ 'ਚ ਸੰਭਾਵਨਾਵਾਂ ਅਤੇ ਉਮੀਦਾਂ ਸਬੰਧੀ ਡੂੰਘੇ ਵਿਚਾਰ ਵਟਾਂਦਰੇ ਹੋਏ। ਸੰਮਲੇਨ ਦੇ ਦੂਜੇ ਦਿਨ ਈ.ਡੀ.ਸੀ.ਆਈ.ਐਲ ਦੇ ਚੀਫ਼ ਜਨਰਲ ਮੈਨੇਜਰ ਸਦੀਪ ਗੋਇਲ ਅਤੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ 'ਤੇ ਹਾਜ਼ਰ ਰਹੇ। ਇਸ ਦੌਰਾਨ ਅਰਜਨਟੀਨਾ, ਇੰਡੋਨੇਸ਼ੀਆ, ਤਨਜ਼ਾਨੀਆ, ਈਰਾਨ, ਭੂਟਾਨ ਅਤੇ ਮਲਾਵੀ ਸਮੇਤ 24 ਦੇਸ਼ਾਂ ਦੀਆਂ ਅੰਬੈਸੀਆਂ ਤੋਂ ਮਾਣਯੋਗ ਅੰਬੈਸਡਰ ਅਤੇ ਹਾਈ ਕਮਿਸ਼ਨਰ ਉਚੇਚੇ ਤੌਰ 'ਤੇ ਹਾਜ਼ਰ ਰਹੇ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਵੱਲੋਂ ਚੰਡੀਗੜ ਯੂਨੀਵਰਸਿਟੀ ਦੇ ਟੈਕਨਾਲੋਜੀ ਬਿਜ਼ਨਸ ਇਨਕੁਬੇਟਰ ਦਾ ਦੌਰਾ ਕਰਦਿਆਂ 'ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਦਰਜ ਕਰਵਾਏ ਪੇਟੈਂਟਾਂ ਅਤੇ ਸਟਾਰਟਅੱਪਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਸਟੱਡੀ ਇਨ ਇੰਡੀਆ ਪਹਿਲਕਦਮੀ ਸਬੰਧੀ ਗੱਲਬਾਤ ਕਰਦਿਆਂ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਫ਼ਾਇਤੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਵਾ ਰਿਹਾ ਹੈ। ਮਹਾਂਮਾਰੀ ਸੰਕਟ ਦੌਰਾਨ ਆਨਲਾਈਨ ਅਤੇ ਡਿਜੀਟਲ ਸਿੱਖਿਆ ਵਿੱਚ ਤਬਦੀਲੀ ਨੇ ਇੱਕ ਸੁਚੱਜਾ ਮਾਰਗ ਬਣਾਇਆ ਹੈ ਜਿੱਥੇ ਮਿਆਰੀ ਸਿੱਖਿਆ ਸਾਰਿਆਂ ਲਈ ਪਹੁੰਚਯੋਗ ਹੈ। ਉਨਾਂ ਦੱਸਿਆ ਕਿ ਸਿੱਖਿਆ ਮੰਤਰਾਲੇ ਦੇ ਨਿਰਦੇਸ਼ਾਂ ਅਧੀਨ ਈ.ਡੀ.ਸੀ.ਆਈ.ਐਲ ਵੱਲੋਂ ਉਨਾਂ ਸੰਭਾਵਿਤ ਦੇਸ਼ਾਂ ਦੀ ਪਛਾਣ ਕਰਨੀ ਆਰੰਭੀ ਗਈ ਹੈ ਜਿੱਥੇ ਭਾਰਤੀ ਸੰਸਥਾਵਾਂ ਦੀ ਮੰਗਾਂ ਨੂੰ ਉਜ਼ਾਗਰ ਕੀਤਾ ਜਾ ਸਕੇ ਜਦਕਿ ਸ਼ੁਰੂਆਤ ਵੇਲੇ ਸਿਰਫ਼ 25 ਦੇਸ਼ਾਂ ਦੀ ਪਛਾਣ ਕੀਤੀ ਗਈ ਸੀ ਜਿਨਾਂ ਦੀ ਗਿਣਤੀ ਵੱਧਕੇ 48 ਹੋ ਗਈ ਹੈ। ਵਿਦੇਸ਼ੀ ਵਿਦਿਆਰਥੀਆਂ ਕੋਲ ਵਿਸ਼ਵ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਭਰਤੀ ਹੋਣ ਦਾ ਮੌਕਾ ਹੈ ਕਿਉਂਕਿ ਜ਼ਿਆਦਾਤਰ ਬਹੁਰਾਸ਼ਟਰੀ ਕੰਮਨੀਆਂ ਭਾਰਤ ਤੋਂ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕਰ ਰਹੀਆਂ ਹਨ।ਉਨਾਂ ਦੱਸਿਆ ਕਿ ਸਟੱਡੀ ਇੰਨ ਇੰਡੀਆ ਪ੍ਰੋਗਰਾਮ ਹੁਣ ਸਾਇੰਸ, ਤਕਨੀਕੀ, ਇੰਜੀਨੀਅਰਿੰਗ ਅਤੇ ਮੈਨੇਜਮੈਂਟ ਸਿੱਖਿਆ ਤੋਂ ਇਲਾਵਾ ਬੁੱਧ ਧਰਮ, ਯੋਗਾ ਅਤੇ ਆਯੁਰਵੈਦ ਵੱਲ ਵੀ ਆਪਣਾ ਧਿਆਨ ਕੇਂਦਰਤ ਕਰ ਰਿਹਾ ਹੈ।
ਸ਼੍ਰੀ ਮਨੋਜ਼ ਕੁਮਾਰ ਨੇ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਦੀ ਸੰਭਾਵਨਾ ਨੂੰ ਵਿਸ਼ਵ ਪੱਧਰ 'ਤੇ ਵਰਤਿਆ ਨਹੀਂ ਗਿਆ ਕਿਉਂਕਿ ਭਾਰਤ ਵਿੱਚ 800 ਤੋਂ ਵੱਧ ਯੂਨੀਵਰਸਿਟੀਆਂ ਅਤੇ 10 ਹਜ਼ਾਰ ਕਾਲਜ ਹਨ। ਭਾਰਤ ਅੱਜ ਇਸ ਮੁਕਾਮ 'ਤੇ ਖੜਾ ਹੈ, ਜਿਸ ਦੇ ਮਾਧਿਅਮ ਰਾਹੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਢੁੱਕਵਾਂ ਅਕਾਦਮਿਕ ਮਹੌਲ ਮੁਹੱਈਆ ਕਰਵਾਇਆ ਜਾ ਸਕਦਾ ਹੈ। ਸੰਮਲੇਨ ਦੌਰਾਨ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਵੱਲੋਂ ਦਿੱਤੀ ਗਈ ਰਾਏ ਅਤੇ ਜਾਣਕਾਰੀ ਨੂੰ ਉਨਾਂ ਮਹੱਤਵਪੂਰਨ ਦੱਸਿਆ ਜਦਕਿ ਉਨਾਂ ਭਰੋਸਾ ਦਿੱਤਾ ਕਿ ਕੂਟਨੀਤਕ ਸੰਮੇਲਨ ਦੇ ਨਤੀਜਿਆਂ ਨੂੰ ਸਟੱਡੀ ਇੰਨ ਇੰਡੀਆ ਪਹਿਲਕਦਮੀ ਵਿੱਚ ਸ਼ਾਮਲ ਕਰਨ ਲਈ ਭਾਰਤੀ ਯੂਨੀਵਰਸਿਟੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ, ਈ.ਡੀ.ਸੀ.ਆਈ.ਐਲ ਦੇ ਚੀਫ਼ ਜਨਰਲ ਮੈਨੇਜਰ ਸੰਦੀਪ ਗੋਇਲ ਨੇ ਸਟੱਡੀ ਇਨ ਇੰਡੀਆ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੁਆਰਾ ਨੈਕ ਅਤੇ ਐਨਆਈਆਰਐਫ (ਨਿਰਫ਼) ਰੈਂਕਿੰਗ ਦੇ ਅਧਾਰ 'ਤੇ ਦੇਸ਼ ਦੀਆਂ ਚੋਟੀ ਦੀਆਂ 164 ਸੰਸਥਾਵਾਂ ਇਸ ਪ੍ਰੋਗਰਾਮ ਦੇ ਅਧੀਨ ਚੁਣਿਆ ਗਿਆ ਹੈ। ਉਨਾਂ ਕਿਹਾ ਕਿ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਪ੍ਰਾਪਤ ਕੀਤੀਆਂ ਡਿਗਰੀਆਂ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹਨ। ਉਨਾਂ ਕਿਹਾ ਕਿ ਜੇਕਰ ਕੋਈ ਅੰਤਰਰਾਸ਼ਟਰੀ ਵਿਦਿਅਕ ਸੰਸਥਾ ਭਾਰਤ ਨਾਲ ਐਕਸਚੇਂਜ ਪ੍ਰੋਗਰਾਮ ਕਰਨਾ ਚਾਹੁੰਦੀ ਹੈ, ਤਾਂ ਸਟੱਡੀ-ਇਨ-ਇੰਡੀਆ ਤਹਿਤ ਸਾਡੇ ਨਾਲ ਸੰਪਰਕ ਕਰਨ, ਅਸੀਂ ਭਾਰਤੀ ਵਿਦਿਅਕ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਆਦਾਨ-ਪ੍ਰਦਾਨ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਵਿੱਚ ਸਹਿਯੋਗ ਕਰਾਂਗੇ। ਉਨਾਂ ਕਿਹਾ ਕਿ ਜਦੋਂ ਭਾਰਤ ਵਿੱਚ ਅਧਿਐਨ ਅਧੀਨ ਆਪਸੀ ਮਾਨਤਾ ਪ੍ਰਾਪਤ ਡਿਗਰੀਆਂ ਵੀ ਦਿੱਤੀਆਂ ਜਾਂਦੀਆਂ ਹਨ, ਵਿਦਿਆਰਥੀ ਫੀਸ ਮੁਆਫੀ ਦੇ ਅਧੀਨ 100%, 50% ਜਾਂ 25% ਟਿਊਸ਼ਨ ਫੀਸ ਛੋਟ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵੋਕੇਸ਼ਨਲ ਕੋਰਸਾਂ ਸਮੇਤ ਹੁਨਰ, ਉਦਮਤਾ ਅਤੇ ਗੁਣਵੱਤਾ 'ਚ ਉਤਮਤਾ 'ਤੇ ਧਿਆਨ ਦੇਣ ਦੇ ਨਾਲ ਨਾਲ ਸਿੱਖਿਆ ਨੂੰ ਵਧੇਰੇ ਸੰਪੂਰਨ ਅਤੇ ਬਹੁ-ਅਨੁਸ਼ਾਸਨੀ ਬਣਾ ਕੇ ਉੱਚ ਸਿੱਖਿਆ ਪ੍ਰਣਾਲੀ 'ਚ ਇਤਿਹਾਸਕ ਤਬਦੀਲੀਆਂ ਪੈਦਾ ਕਰੇਗੀ। ਉਨਾਂ ਕਿਹਾ ਕਿ ਬਹੁ-ਅਨੁਸ਼ਾਸਨੀ ਪਹੁੰਚ, ਲਚਕਦਾਰ ਪਾਠਕ੍ਰਮ, ਵਿਸ਼ਿਆਂ ਦੇ ਰਚਨਾਤਮਕ ਸੁਮੇਲ ਅਤੇ ਕਿੱਤਾਮੁਖੀ ਸਿੱਖਿਆ ਦੇ ਏਕੀਕਰਨ ਦੇ ਨਾਲ ਨਵੀਂ ਸਿੱਖਿਆ ਨੀਤੀ ਭਾਰਤ ਨੂੰ ਅੰਤਰਰਾਸ਼ਟਰੀ ਸਿੱਖਿਆ ਦਾ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਪੁਲ ਦਾ ਕੰਮ ਕਰੇਗੀ।ਉਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਉੱਚ ਸਿੱਖਿਆ ਦੇ ਵਿਸ਼ਵੀਕਰਨ 'ਚ ਭਾਰਤੀ ਦ੍ਰਿਸ਼ਟੀਕੋਣ ਵਿਕਸਤ ਕਰਨ 'ਤੇ ਜ਼ੋਰ ਦੇਵੇਗੀ, ਜਿਸ ਦੇ ਲਈ ਵਿਦੇਸ਼ ਮੰਤਰਾਲਾ ਭਾਰਤੀ ਰਾਜਦੂਤਾਂ ਅਤੇ ਸਲਾਹਕਾਰਾਂ ਵੱਲੋਂ ਵਿਦੇਸ਼ੀ ਵਾਰਤਾਕਾਰਾਂ ਦੇ ਨਾਲ ਐਨ.ਈ.ਪੀ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸ਼੍ਰੀ ਮੁਰਲੀਧਰਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਵਿਸ਼ਵਵਿਆਪੀ ਗਿਆਨ ਦਾ ਕੇਂਦਰ ਬਣਾਉਣ ਦੇ ਉਦੇਸ਼ ਨਾਲ 34 ਸਾਲ ਪੁਰਾਣੀ ਰਾਸ਼ਟਰੀ ਨੀਤੀ ਦੀ ਥਾਂ ਨਵੀਂ ਸਿੱਖਿਆ ਨੀਤੀ ਪੇਸ਼ ਕੀਤੀ ਗਈ ਹੈ, ਜੋ ਦੇਸ਼ ਵਿੱਚ ਪਰਿਵਰਤਨਸ਼ੀਲ ਅਤੇ ਗੁਣਾਤਮ ਤਬਦੀਲੀਆਂ ਪੈਦਾ ਕਰੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤ 'ਚ ਮੈਕਸੀਕੋ ਦੇ ਰਾਜਦੂਤ ਨੇ ਕਿਹਾ ਕਿ ਮੈਕਸੀਕੋ ਭੂਗੋਲਿਕ ਰੂਪ 'ਚ ਭਾਰਤ ਤੋਂ ਬਹੁਤ ਦੂਰ ਹੈ, ਪਰ ਅਜੋਕੇ ਸੰਚਾਰ ਯੁੱਗ ਨੇ ਅਸਲ ਦੂਰੀਆਂ ਦੀ ਪ੍ਰਵਾਹ ਕੀਤੇ ਬਿਨਾਂ ਦੋਵਾਂ ਦੇਸ਼ਾਂ ਦੇ ਵਿੱਚ ਚੰਗੇ ਸੰਬੰਧ ਸਥਾਪਿਤ ਕੀਤੇ ਹਨ। ਉਨਾਂ ਚੰਡੀਗੜ ਯੂਨੀਵਰਸਿਟੀ ਅਤੇ ਮੈਕਸੀਕੋ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਰਣਨੀਤਕ ਯਤਨਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ, ਤਾਂ ਜੋ ਵਿਦਿਆਰਥੀਆਂ ਨੂੰ ਵੱਖ-ਵੱਖਾ ਦੇਸ਼ਾਂ ਵਿੱਚ ਰਹਿਣ ਲਈ ਅਕਾਦਮਿਕ ਪਰਿਵਰਤਨ, ਮਾਨਤਾ ਅਤੇ ਵੱਖ-ਵੱਖ ਸਹੂਲਤਾਂ ਦੀ ਪ੍ਰੀਕਿਰਿਆ ਨੂੰ ਸੌਖਾਲਾ ਬਣਾਇਆ ਜਾ ਸਕੇ।ਉਨਾਂ ਕਿਹਾ ਕਿ ਵਿਦਿਆਰਥੀ ਅਤੇ ਫੈਕਲਟੀ ਅਦਾਨ-ਪ੍ਰਦਾਨ ਅਤੇ ਵਿਦਿਆਰਥੀਆਂ ਨਾਲ ਜੁੜ ਵੱਖ-ਵੱਖ ਪਹਿਲੂਆਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿੱਚ ਸਾਲ 2019 ਦੌਰਾਨ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਸੀ ਅਤੇ ਇਸਦਾ ਅਗਲਾ ਸੰਸਕਰਣ ਸਾਲ 2022 ਵਿੱਚ ਭਾਰਤ 'ਚ ਆਯੋਜਿਤ ਕੀਤਾ ਜਾਵੇਗਾ, ਜੋ ਕਿ ਦੋਵਾਂ ਦੇਸ਼ਾਂ 'ਚ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਨੂੰ ਸੁਵਿਧਾਜਨਕ ਬਣਾਉਣ 'ਚ ਰਣਨੀਤਿਕ ਸਾਂਝੇਦਾਰੀ 'ਤੇ ਵਿਚਾਰ ਕਰੇਗਾ।
ਇਸ ਦੌਰਾਨ ਸੰਬੋਧਨ ਕਰਦਿਆਂ ਚਿੱਲੀ ਗਣਰਾਜ, ਨਵੀਂ ਦਿੱਲੀ ਦੇ ਰਾਜਦੂਤ ਜੁਆਨ ਰੋਲਾਂਡੋ ਅੰਗੁਲੋ ਮੋਨਸਾਲਵੇ ਨੇ ਕਿਹਾ ਕਿ ਵਿਗਿਆਨ, ਤਕਨਾਲੋਜੀ ਅਤੇ ਸਿੱਖਿਆ ਦੇ ਵਿਸ਼ਵੀਕਰਨ ਨੂੰ ਉਤਸ਼ਾਹਿਤ ਕਰਦੇ ਹੋਏ ਵੈਲਯੂ ਏਡਿਡ ਐਕਸਚੇਂਚ ਪ੍ਰੋਗਰਾਮ ਅਤੇ ਵਿਕਾਸ ਅਧਾਰਿਤ ਗਿਆਨ 'ਤੇ ਧਿਆਨ ਦੇਣ ਧਿਆਨ ਦੇਣ ਦੀ ਲੋੜ ਹੈ।ਉਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਅਧਿਐਨ ਦੇ ਪ੍ਰੋਗਰਾਮ ਵਿੱਚ ਸਹਿਯੋਗ ਵਧਾਉਣ ਲਈ ਵੀਜ਼ਾ, ਕ੍ਰੈਡਿਟ ਟ੍ਰਾਂਸਫ਼ਰ ਵਿੱਚ ਵਿਕਾਸ ਨੂੰ ਬਿਹਤਰ ਬਣਾਉਣ ਲਈ ਪ੍ਰਸ਼ਾਸਕੀ ਰਸਤੇ ਨੂੰ ਸੁਵਿਧਾਜਨਕ ਬਣਾਉਣਾ ਹੋਵੇਗਾ।
ਇਸ ਮੌਕੇ ਯੂਗਾਂਡਾ ਹਾਈ ਕਮਿਸ਼ਨ ਨਵੀਂ ਦਿੱਲੀ ਦੇ ਹਾਈ ਕਮਿਸ਼ਨਰ ਗ੍ਰੇਸ ਅਕੋਲੋ ਨੇ ਕਿਹਾ ਕਿ ਭਾਰਤ ਵਿੱਚ ਪੜਦੇ ਵਿਦੇਸ਼ੀ ਵਿਦਿਆਰਥੀਆਂ ਲਈ ਇੰਜੀਨੀਅਰਿੰਗ ਅਤੇ ਨਰਸਿੰਗ ਖੇਤਰਾਂ 'ਚ ਪ੍ਰੈਕਟੀਕਲ ਗਿਆਨ ਪਾਠਕ੍ਰਮ ਦਾ ਹਿੱਸਾ ਹੋਣਾ ਜ਼ਰੂਰੀ ਹੈ।ਵਿਸ਼ਵਪੱਧਰੀ ਉਦਯੋਗਾਂ ਦੀਆਂ ਜ਼ਰੂਰਤਾਂ ਸਬੰਧੀ ਬਿਹਤਰ ਗਿਆਨ ਹਾਸਲ ਕਰਵਾਉਣ ਲਈ ਅਫ਼ਰੀਕਾ ਦੇ ਵਿਦਿਆਰਥੀਆਂ ਨੂੰ ਭਾਰਤੀ ਉਦਯੋਗਾਂ 'ਚ ਇੰਟਰਨਸ਼ਿਪਾਂ ਅਤੇ ਉਦਯੋਗਿਕ ਦੌਰਿਆਂ ਦੇ ਮਾਧਿਅਮ ਰਾਹੀਂ ਮੌਕੇ ਮੁਹੱਈਆ ਕਰਵਾਉਣੇ ਹੋਣਗੇ।ਸਿਹਤ, ਰਿਹਾਇਸ਼ ਅਤੇ ਖਾਣ-ਪੀਣ ਸਬੰਧੀ ਸਹੂਲਤਾਂ ਨੂੰ ਬਿਹਤਰ ਬਣਾਇਆ ਜਾਵੇ ਤਾਂ ਜੋ ਵੱਧ-ਵੱਧ ਵਿਦਿਆਰਥੀ ਸਟੱਡੀ ਇੰਨ ਇੰਡੀਆ ਤਹਿਤ ਭਾਰਤ ਪੜਨ ਆਉਣ ਅਤੇ ਆਪਣੇ ਦੇਸ਼ ਵਰਗਾਂ ਵਾਤਾਵਰਣ ਮਹਿਸੂਸ ਕਰਨ।ਉਨਾਂ ਕਿਹਾ ਅਫ਼ਰੀਕਨ ਵਿਦਿਆਰਥੀਆਂ ਨੂੰ ਅਫ਼ਰੀਕਨ ਸਰਕਾਰ ਦੇ ਮਨੁੱਖ ਸਰੋਤ ਨਿਯਮਾਂ ਸਬੰਧੀ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ।ਸਿੱਖਿਆ 'ਚ ਹੋਰ ਗੁਣਵੱਤਾਪੂਰਨ ਸੁਧਾਰਾਂ ਲਈ ਵਿਦਿਆਰਥੀਆਂ ਨੂੰ ਥਿਊਰੀ ਆਧਾਰਿਤ ਸਿੱਖਿਆ ਤੋਂ ਇਲਾਵਾ ਪ੍ਰੈਕਟੀਕਲ ਗਿਆਨ ਮੁਹੱਈਆ ਕਰਵਾਏ ਜਾਣਾ ਲਾਜ਼ਮੀ ਹੈ।
ਦੋਵਾਂ ਦੇਸ਼ਾਂ ਵਿੱਚ ਸਹਿਯੋਗੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਕਰਦਿਆਂ ਅਰਜਨਟੀਨਾ ਅੰਬੈਸੀ ਦੇ ਰਾਜਦੂਤ ਸ਼੍ਰੀ ਹੂਗੋ ਜ਼ੇਵੀਅਰ ਗੋਬਿਕ ਨੇ ਕਿਹਾ ਕਿ ਸਾਡੇ ਕੋਲ ਇੱਕ ਟੈਕਨਾਲੋਜੀ ਅਧਾਰਿਤ ਖੇਤੀਬਾੜੀ ਪ੍ਰਣਾਲੀ ਹੈ ਅਤੇ ਭਾਰਤ ਅਤੇ ਅਰਜਨਟੀਨਾ ਐਕਸਚੇਂਜ ਪ੍ਰੋਗਰਾਮ ਦੇ ਨਾਲ ਖੇਤੀਬਾੜੀ, ਆਈ.ਟੀ ਖੇਤਰ 'ਚ ਮਿਲ ਕੰਮ ਕਰਨ ਦੇ ਨਾਲ-ਨਾਲ ਸੈਟੇਲਾਈਟ ਅਤੇ ਪੁਲਾੜ ਖੇਤਰਾਂ 'ਚ ਸਹਿਯੋਗ ਕਰਸ ਸਕਦੇ ਹਨ।ਇਸ ਮੌਕੇ ਘਾਨਾ ਹਾਈ ਕਮਿਸ਼ਨ ਦੇ ਪਹਿਲੇ ਸੈਕਟਰੀ, ਕਾਊਂਸਰ ਅਤੇ ਵੈਲਫ਼ੇਅਰ ਐਰਿਕ ਅਮੋਆਕੋ ਮਿਸਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਘਾਨਾ ਅਤੇ ਭਾਰਤ ਦੇ ਵਿਦਿਅਕ ਅਦਾਰੇ ਖੋਜ, ਇਨੋਵੇਸ਼ਨ ਅਤੇ ਰਚਨਾਤਮਕਤਾ ਖੇਤਰਾਂ 'ਚ ਆਪਸੀ ਸਹਿਯੋਗ ਵਧਾ ਸਕਦੇ ਹਨ ਜਦਕਿ ਸਿਹਤ ਵਿਗਿਆਨ ਦੇ ਖੇਤਰ 'ਚ ਮਿਲਕੇ ਹੋਰ ਮੌਕੇ ਅਤੇ ਸੰਭਾਵਨਾਵਾਂ ਲੱਭਣ ਲਈ ਭਾਈਵਾਲੀ ਸਥਾਪਿਤ ਕੀਤੀ ਸਕਦੀ ਹੈ।
ਉਨਾਂ ਕਿਹਾ ਕਿ ਸਿੱਖਿਆ ਦੇ ਵਿਸ਼ਵੀਕਰਨ ਸਬੰਧੀ ਵੀ ਜ਼ੋਰ ਦਿੰਦੀ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੇ ਮਾਧਿਅਮ ਰਾਹੀਂ ਅਕਾਦਮਿਕ ਪ੍ਰਣਾਲੀ ਨੂੰ ਆਕਰਸ਼ਕ ਬਣਾਉਣ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਸੱਭਿਆਚਾਰ ਏਕੀਕਰਣ ਅਤੇ ਐਕਸਚੇਂਜ ਪ੍ਰੋਗਰਾਮ ਲਈ ਭਾਰਤੀ ਵਿਦਿਆਰਥੀ ਘਾਨਾ ਜ਼ਰੂਰ ਆਉਣ, ਜੋ ਉਥੋਂ ਦੇ ਅਮੀਰ ਵਿਰਸੇ ਬਾਰੇ ਭਾਰਤੀ ਵਿਦਿਆਰਥੀ ਵੀ ਗਿਆਨ ਹਾਸਲ ਕਰ ਸਕਣ।
ਇਸ ਮੌਕੇ ਸੰਬੋਧਨ ਕਰਦਿਆਂ ਗੈਂਬੀਆ ਹਾਈ ਕਮਿਸ਼ਨ ਨਵੀਂ ਦਿੱਲੀ 'ਚ ਡਿਪਟੀ ਹੈੱਡ ਆਫ਼ ਮਿਸ਼ਨ, ਲੈਮਿਨ ਸਿੰਘਤੇਹ ਨੇ ਕਿਹਾ ਕਿ ਭਾਰਤ ਅਤੇ ਗੈਂਬੀਆ ਤਕਨਾਲੋਜੀ ਵਿਕਾਸ ਦੇ ਖੇਤਰ 'ਚ ਇੱਕ ਦੂਜੇ ਨੂੰ ਸਹਿਯੋਗ ਮੁਹੱਈਆ ਕਰਵਾ ਸਕਦੇ ਹਨ, ਜੋ ਗੈਂਬੀਆ ਦੀ ਆਰਥਿਕ ਵਿਕਾਸ ਲਈ ਵੀ ਸਾਰਥਿਕ ਸਿੱਧ ਹੋਵੇਗਾ।ਦੋਵੇਂ ਮੁਲਕਾਂ ਦੇ ਵਿਦਿਆਰਥੀਆਂ ਨੂੰ ਵਿਸ਼ਵਪੱਧਰੀ ਸਿਖਲਾਈ ਦੇਣ ਲਈ ਕ੍ਰੈਡਿਟ ਟਰਾਂਸਫ਼ਰ ਪ੍ਰੋਗਰਾਮ ਤਹਿਤ 2+2 ਪ੍ਰੋਗਰਾਮਾਂ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ ਹੈ ਜਦਕਿ ਸਮਾਜਿਕ ਵਿਗਿਆਨ ਦੇ ਖੇਤਰ 'ਚ ਦੋਵੇਂ ਦੇਸ਼ਾਂ ਨੂੰ ਮਿਲ ਕੇ ਨਵੇਂ ਮੌਕੇ ਅਤੇ ਸੰਭਾਵਨਾਵਾਂ ਲੱਭਣ ਦੀ ਲੋੜ ਹੈ।