ਡਾ.ਚੀਮਾ ਤੇ ਜੱਥੇਦਾਰ ਗੋਗੀ ਨੇ ਪੁੰਛ ‘ਚ ਸ਼ਹੀਦ ਹੋਏ ਪਚਰੰਡਾ ਦੇ ਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਬਾਬੂਸ਼ਾਹੀ ਨੈੱਟਵਰਕ
ਨੂਰਪੁਰ ਬੇਦੀ, ਰੂਪਨਗਰ, 12 ਅਕਤੂਬਰ 2021- ਪਿੰਡ ਪਚਰੰਡਾ ਦਾ ਸੈਨਿਕ ਨੌਜਵਾਨ ਗੱਜਣ ਸਿੰਘ ਪੁੱਤਰ ਚਰਨ ਸਿੰਘ ਜੋ ਕਿ 23 ਸਿੱਖ ਰੈਜਮੈਂਟ 16 ਆਰ ਆਰ ਰੈਜੀਮੈਂਟ ਵਿੱਚ ਪੁੰਛ ਵਿਖੇ ਤੈਨਾਤ ਸੀ । ਜੋ ਕਿ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਸਮੇਂ ਜੂਝਦਾ ਹੋਇਆ ਸ਼ਹੀਦ ਹੋ ਗਿਆ ਸੀ। ਸ਼ਹੀਦ ਦੇ ਭਰਾ ਨੇ ਦੱਸਿਆ ਕਿ ਸ਼ਹੀਦ ਦੀ ਮਿ੍ਤਕ ਦੇਹ ਦੇਰ ਸ਼ਾਮ ਜੱਦੀ ਪਿੰਡ ਪਚਰੰਡਾ ਨੂਰਪੁਰ ਬੇਦੀ ਵਿਖੇ ਪਹੁੰਚਣ ਦੀ ਸੰਭਾਵਨਾ ਹੈ । ਸ਼ਹੀਦ ਗੱਜਣ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅਤਿੰਮ ਸੰਸਕਾਰ ਕੱਲ ਸਵੇਰੇ 13 ਅਕਤੂਬਰ ਨੂੰ ਤਕਰੀਰਬਨ 10 ਵਜੇ ਕੀਤਾ ਜਾਵੇਗਾ । ਇਸ ਮੌਕੇ ਪੂਰੇ ਨੂਰਪੁਰ ਬੇਦੀ ਇਲਾਕੇ ਦੇ ਨਾਲ ਨਾਲ ਰੋਪੜ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਤੇ ਲੋਕ ਪਰਿਵਾਰ ਨਾਲ ਦੁੱਖ ਵੰਡਾਉਣ ਦੇ ਲਈ ਆ ਰਹੇ ਹਨ।
ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸ਼ਾਝਾ ਕਰਨ ਲਈ ਜਿਥੇ ਰਿਸ਼ਤੇਦਾਰ ਸਾਕ ਸੰਬੰਧੀਆਂ ਤੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਅਕਾਲੀ ਦਲ ਦੇ ਪ੍ਧਾਨ ਜੱਥੇਦਾਰ ਗੁਰਿੰਦਰ ਸਿੰਘ ਗੋਗੀ ਅੱਜ ਸਵੇਰੇ ਪਿੰਡ ਪਚਰੰਡਾ ਵਿਖੇ ਸ਼ਹੀਦ ਗੱਜਣ ਸਿੰਘ ਦੇ ਘਰ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਤੇ ਜ਼ਿਲ੍ਹਾ ਜੱਥੇਦਾਰ ਗੁਰਿੰਦਰ ਸਿੰਗ ਗੋਗੀ ਨੇ ਸ਼ਹੀਦ ਗੱਜਣ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਇਕ ਪੁੱਤਰ ਦੇ ਜਾਣ ਦੀ ਕਮੀ ਪਰਿਵਾਰ ਵਿੱਚ ਕੋਈ ਵੀ ਪੂਰੀ ਨਹੀਂ ਕਰ ਸਕਦਾ ਪਰ ਦੇਸ਼ ਲਈ ਕੁਰਬਾਨ ਵੀ ਹਰ ਇਕ ਪੁੱਤਰ ਨਹੀਂ ਹੋ ਸਕਦਾ। ਪਰਿਵਾਰ ਨੂੰ ਵੀ ਜਿਥੇ ਇਕ ਪੁੱਤਰ ਦੇ ਜਾਣ ਦਾ ਗਮ ਹੈ ਉਥੇ ਹੀ ਪੁੱਤਰ ਦੇ ਦੇਸ਼ ਦੇ ਲਈ ਸ਼ਹੀਦ ਹੋਣ ਤੇ ਮਾਣ ਵੀ ਹੈ।