ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਪੁਲਿਸ ਵਿਚਕਾਰ ਟਕਰਾਅ -ਪੁਲਿਸ 'ਤੇ ਪੱਥਰਬਾਜ਼ੀ-ਪੁਲਿਸ ਨੇ ਕੀਤਾ ਲਾਠੀ ਚਾਰਜ-ਡੀ.ਐੱਸ.ਪੀ. ਸਮੇਤ ਪੁਲਿਸ ਕਰਮੀ ਤੇ ਵਿਖਾਵਕਾਰੀ ਵੀ ਜ਼ਖਮੀ
ਹਰੀਸ਼ ਕਾਲੜਾ
ਮੋਰਿੰਡਾ, 12 ਅਕਤੂਬਰ 2021:ਅੱਜ ਸ਼ਾਮੀ ਮੋਰਿੰਡਾ ਵਿਖੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਬੱਸਾਂ 'ਚ ਭਰ ਕੇ ਜਿਹਨਾਂ ਦੀ ਗਿਣਤੀ ਲਗਭਗ 4-5 ਹਜਾਰ ਹੋਵੇਗੀ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਨਾਂਅ 'ਤੇ ਰਾਮਬਾਗ ਰੋਡ ਰਾਹੀਂ ਸ਼ਹਿਰ ਵਿੱਚ ਦਾਖਲ ਹੋਏ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਕੋਲ ਜਾ ਕੇ ਧਰਨਾ ਲਗਾ ਕੇ ਬੈਠ ਗਏ। ਗਿਣਤੀ ਵੱਡੀ ਹੋਣ ਕਾਰਨ ਇਸ ਸੰਘਰਸ਼ ਕਮੇਟੀ ਦੇ ਕੁੱਝ ਕਰਿੰਦਿਆਂ ਨੇ ਪੁਲਿਸ ਪ੍ਰਸ਼ਾਸਨ ਵਲੋਂ ਲਗਾਏ ਬੈਰੀਕੇਡ ਤੋੜਨੇ ਸ਼ੁਰੂ ਕਰ ਦਿੱਤੇ। ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਤਾਂ ਦੋਹਾਂ ਧਿਰਾਂ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ ਅਤੇ ਪੁਲਿਸ 'ਤੇ ਪੱਥਰਬਾਜੀ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਦਾ ਮੰਨਣਾਂ ਹੈ ਕਿ ਇਸ ਸੰਘਰਸ਼ ਕਮੇਟੀ ਵਿੱਚ ਆਏ ਕੁਝ ਵਿਅਕਤੀ, ਜਿਹਨਾਂ ਚ ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ, ਪਹਿਲਾਂ ਹੀ ਪੱਥਰਬਾਜੀ ਦੀ ਤਿਆਰੀ ਕਰਕੇ ਆਏ ਸਨ। ਸੰਘਰਸ਼ ਕਮੇਟੀ ਦੇ ਮੈਂਬਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦੇ ਪ੍ਰਤੀਨਿੱਧੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮੌਕੇ 'ਤੇ ਮੌਜੂਦ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਵੇਗੀ। ਪ੍ਰੰਤੂ ਮੰਗ ਪੱਤਰ ਦੇਣ ਉਪਰੰਤ ਅਚਾਨਕ ਹੀ ਇਕੱਠੀ ਹੋਈ ਭੀੜ ਹਿੰਸਕ ਹੋ ਗਈ ਅਤੇ ਆਪਣੇ ਨਾਲ ਲਿਆਏ ਪੱਥਰ-ਰੋੜੇ ਸ਼ੁਰੂ ਕਰ ਦਿੱਤੇ।
ਜਿਸ ਨਾਲ ਡੀ.ਐੱਸ.ਪੀ. ਸਮੇਤ 4-5 ਪੁਲਿਸ ਕਰਮੀ ਜਖਮੀ ਹੋ ਗਏ। ਜਦੋਂ ਪੁਲਿਸ 'ਤੇ ਪੱਥਰਬਾਜੀ ਹੋਈ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਹਲਕਾ ਲਾਠੀਚਾਰਜ ਕੀਤਾ, ਜਿਸ ਨਾਲ ਕੁੱਝ ਪ੍ਰਦਰਸ਼ਨਕਾਰੀਆਂ ਦੇ ਵੀ ਸੱਟਾਂ ਲੱਗੀਆਂ। ਇਸੇ ਸਬੰਧ ਵਿੱਚ ਮੌਕੇ 'ਤੇ ਮੌਜੂਦ ਡੀ.ਐੱਸ.ਪੀ. ਅਨਿਲ ਕੁਮਾਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਐਸ.ਐੱਸ.ਪੀ. ਰੂਪਨਗਰ ਦੇ ਆਦੇਸ਼ ਸਨ ਕਿ ਅਗਰ ਕੋਈ ਵੀ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਦਾ ਹੈ ਤਾਂ ਉਸਨੂੰ ਧਰਨਾ-ਪ੍ਰਦਰਸ਼ਨ ਕਰਨ ਦਿਓ, ਪ੍ਰੰਤੂ ਜਦੋਂ ਇਕੱਠੀ ਹੋਈ ਭੀੜ ਨੇ ਪੱਥਰਬਾਜੀ ਕੀਤੀ ਤਾਂ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ।