ਨੰਬਰ ਕਾਰਡਾਂ ਲਈ ਵਿਦਿਆਰਥੀਆਂ ਸਿਰ ਮੜ੍ਹਿਆ ਨਵਾਂ ਜਜ਼ੀਆ ਟੈਕਸ : ਡੀ.ਟੀ ਐੱਫ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,13ਅਕਤੂਬਰ2021: ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੰਬਰ ਕਾਰਡ ਪ੍ਰਾਪਤ ਕਰਨ ਲਈ ਲਾਈ ਫੀਸ ਨੂੰ ਵਿਦਿਆਰਥੀਆਂ ਸਿਰ ਮੜ੍ਹਿਆ ਨਵਾਂ ਜਜੀਆ ਟੈਕਸ ਕਰਾਰ ਦਿੰਦਿਆਂ ਮੁੱਖ ਮੰਤਰੀ ਤੋਂ ਇਹ ਪੈਸੇ ਲੈਣ ਵਾਸਤੇ ਜਾਰੀ ਫਰਮਾਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸਿੱਖਿਆ ਬੋਰਡ ਟੇਢੇ ਢੰਗ ਨਾਲ ਵਿੱਦਿਅਕ ਅਦਾਰਿਆਂ ਨੂੰ ਕਮਾਈ ਦਾ ਸਾਧਨ ਬਣਾਉਣ ਚਾਹੁੰਦਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੱਥੇ ਬੰਦੀ ਮਹਿਸੂਸ ਕਰਦੀ ਹੈ ਕਿ ਇਸ ਤੋਂ ਪਹਿਲਾਂ ਵੀ ਬੋਰਡ ਵਿਦਿਆਰਥੀਆਂ ਤੋਂ ਕੋਵਿਡ 9 ਦੌਰਾਨ ਬਿਨਾਂ ਪ੍ਰੀਖਿਆ ਅਤੇ ਹੋਰ ਵੱਖ ਵੱਖ ਢੰਗਾਂ ਨਾਲ ਫੀਸਾਂ ਵਜੋਂ ਵਸੂਲੇ ਕਰੋੜਾਂ ਰੁਪਏ ਵਾਪਿਸ ਕਰਨੇ ਚਾਹੀਦੇ ਹਨ।
ਡੀ. ਟੀ. ਐਫ. ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਦੱਸਿਆ ਕਿ ਕੋਰੋਨਾ ਕਾਲ ਦੀ ਆਰਥਿਕਤਾ ਦੇ ਝੰਬੇ ਵਿਦਿਆਰਥੀਆਂ ਨੂੰ ਸਰਕਾਰ ਨੇ ਵਜੀਫਾ ਰਾਸ਼ੀ ਜਾਰੀ ਕਰ ਕੇ ਰਾਹਤ ਤਾਂ ਕੀ ਦੇਣੀ ਸੀ ਇਸ ਦੇ ਉਲਟ ਉਨ੍ਹਾਂ ਦੇ ਮਾਪਿਆਂ ’ਤੇ ਪੰਜਵੀਂ ਜਮਾਤ ਦੇ ਨੰਬਰ ਕਾਰਡ ਪ੍ਰਾਪਤ ਕਰਨ ਲਈ ਪ੍ਰਤੀ ਵਿਦਿਆਰਥੀ ਸੌ ਰੁਪਈਆ ਫੀਸ ਨਿਰਧਾਰਤ ਕਰ ਦਿੱਤੀ ਹੈ ਜਦੋਂਕਿ ਅੱਠਵੀਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਸੇ ਕੰਮ ਲਈ ਤਿੰਨ ਸੌ ਰੁਪਏ ਪ੍ਰਤੀ ਵਿਦਿਆਰਥੀ ਤੈਅ ਕੀਤੇ ਗਏ ਹਨ ਜੋਕਿ ਵਿਦਿਆਰਥੀਆਂ ਨਾਲ ਘੋਰ ਬੇਇਨਸਾਫੀ ਹੈ।
ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ ਅਤੇ ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਕੌਰ ਨੇ ਗ਼ਰੀਬ ਪੱਖੀ ਹੋਣ ਦਾ ਵਿਖਾਵਾ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਨੰਬਰ ਕਾਰਡਾਂ ਵਾਸਤੇ ਲਾਈ ਫੀਸ ਤੁਰੰਤ ਵਾਪਸ ਲਈ ਜਾਵੇ । ਉਨ੍ਹਾਂ ਕਿਹਾ ਕਿ ਬੋਰਡ ਵੱਲੋ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਆਨਲਾਈਨ ਦਾਖਲਾ ਅਪਲਾਈ ਕਰਨ ਸਮੇਂ ਡੀ.ਐਮ.ਸੀ ਦੇ ਪ੍ਰਤੀ ਵਿਦਿਆਰਥੀ ਤਿੰਨ ਸੌ ਰੁਪਏ ਵਸੂਲਣ ਨੂੰ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫਤ ਅਤੇ ਲਾਜਮੀ ਸਿੱਖਿਆ ਅਧਿਕਾਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਸ ਲਈ ਪਹਿਲਾਂ ਦੀ ਤਰਾਂ ਸਾਰੇ ਪਾਸ ਹੋਣ ਉਪਰੰਤ ਬਿਨਾਂ ਫੀਸ ਨੰਬਰ ਕਾਰਡ ਜਾਰੀ ਕੀਤੇ ਜਾਣ।