ਲੇਖਕਾਂ ਵੱਲੋਂ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ’ਚ ਡੀਸੀ ਦਫ਼ਤਰ ਅੱਗੇ ਧਰਨਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 13 ਅਕਤੂਬਰ, 2021: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਗੱਡੀ ਹੇਠਾਂ ਕੁਚਲ ਕੇ ਮਾਰਨ ਦੀ ਘਟਨਾ ਦੇ ਵਿਰੋਧ ਵਿਚ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡੀਸੀ ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਵਲੋਂ ਕੀਤੀ ਗਈ। ਇਸ ਮੌਕੇ ਸਾਹਿਤ ਸਭਾ ਦੇ ਵਫ਼ਦ ਵਲੋਂ ਰਾਜਪਾਲ ਪੰਜਾਬ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਵਾਹਨਾਂ ਹੇਠਾਂ ਕੁਚਲ ਕੇ ਮਾਰ ਦੇਣ ਦੀ ਘਟਨਾ ਅਤਿ ਨਿਰਦਈ ਹੈ, ਜਿਸ ਦਾ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਸ ਦਰਜ਼ ਹੋਣ ਮਗਰੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਸੀ। ਜੇਕਰ ਅਸਤੀਫ਼ਾ ਨਹੀਂ ਦਿੱਤਾ ਗਿਆ ਤਾਂ ਕੇਂਦਰ ਸਰਕਾਰ ਨੂੰ ਤੁਰੰਤ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਲਾਂਭੇ ਕਰਨਾ ਬਣਦਾ ਸੀ।
ਅੱਜ ਦੇ ਧਰਨੇ ’ਚ ਗੁਰਜਿੰਦਰ ਸਿੰਘ ਰਸੀਆ, ਸੁਰਿੰਦਰ ਪਾਲ ਕੌਰ, ਅਮਰੀਕ ਗਾਗਾ, ਹਰਦਿਆਲ ਸਿੰਘ, ਗੁਰਨਾਮ ਸਿੰਘ ਜਨਰਲ ਸਕੱਤਰ, ਕੁਲਵੰਤ ਕਸਕ, ਮੀਤ ਸਕਰੌਦੀ, ਲਾਭ ਸਿੰਘ, ਲਲਿਤ, ਹਰਬੰਸ ਸਿੰਘ, ਤਰਨਜੋਤ ਸਿੰਘ, ਜਗਦੀਪ ਸਿੰਘ ਐਡਵੋਕੇਟ, ਚਰਨਜੀਤ ਸਿੰਘ, ਹਰਦਿਆਲ ਸਿੰਘ, ਪ੍ਰੀਤਮ ਸਿੰਘ, ਬਹਾਦਰ ਸਿੰਘ, ਜਗਰਾਜ ਸਿੰਘ ਰਟੋਲ ਤੇ ਜਸਵੰਤ ਸਿੰਘ ਐਡਵੋਕੇਟ ਲੇਖਕ ਸ਼ਾਮਲ ਹੋਏ।