ਅਧਿਆਪਕਾਂ ਨੇ ਸਕੂਲਾਂ ਦੀ ਬਲਾਕ ਵੰਡ ਖ਼ਿਲਾਫ਼ ਡੀਈਓ ਦਫ਼ਤਰ ਸੰਗਰੂਰ ਅੱਗੇ ਲਾਇਆ ਧਰਨਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 13 ਅਕਤੂਬਰ, 2021: ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਫ਼ਤਰ ਸੰਗਰੂਰ ਵਿਖੇ ਸਕੂਲਾਂ ਦੀ ਬਲਾਕ ਵੰਡ ਦਾ ਗੰਭੀਰ ਨੋਟਿਸ ਲੈਂਦਿਆਂ ਧਰਨਾ ਦਿੱਤਾ ਗਿਆ ਅਤੇ ਇਸ ਵੰਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਬਲਾਕ ਵੰਡ ਵਿੱਚ ਅਧਿਕਾਰੀਆਂ ’ਤੇ ਕਈ ਦੋਸ਼ ਲਗਾਏ।
ਇਸ ਧਰਨੇ ਐਲੀਮੈਂਟਰੀ ਟੀਚਰਜ਼ ਯੂਨੀਅਨ ਵਿੱਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭਲਵਾਨ, ਜੋਤਿੰਦਰ ਸਿੰਘ, ਨੀਰਜ ਅਗਰਵਾਲ, ਬਲਜੀਤ ਸਿੰਘ, ਜਸਵੀਰ ਸਿੰਘ ਲੱਡਾ, ਜੀਟੀਯੂ ਵੱਲੋਂ ਦੇਵੀ ਦਿਆਲ ਤੋਂ ਇਲਾਵਾ ਅਨੇਕਾਂ ਅਧਿਆਪਕਾਂ ਨੇ ਸਕੂਲਾਂ ਦੀ ਗਲਤ ਬਲਾਕ ਵੰਡ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਅਧਿਆਪਕ ਆਗੂਆਂ ਨੇ ਕਿਹਾ ਕਿ ਸਕੂਲਾਂ ਨੂੰ ਨੇੜਲੇ ਸੈਂਟਰ ਨਾਲ ਜੋੜਨ ਦੀ ਬਜਾਏ 20 ਤੋਂ 40 ਕਿਲੋਮੀਟਰ ਤੱਕ ਦੂਰੀ ਦੇ ਸੈਂਟਰ ਸਕੂਲਾਂ ਨਾਲ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਟੂਹਾ, ਬਾਲੀਆਂ-1, ਬਾਲੀਆਂ-2 ਜੋ ਕਿ ਸੈਂਟਰ ਬੁਗਰਾ ਬਲਾਕ ਧੂਰੀ ਵਿਚ ਸਨ ਜੋ ਕਿ ਸਕੂਲ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ’ਤੇ ਸਨ ਪਰ ਇਨ੍ਹਾਂ ਸਕੂਲਾਂ ਨੂੰ ਸ਼ੇਰਪੁਰ ਬਲਾਕ ਦੇ ਬਦੇਸ਼ਾਂ ਸੈਂਟਰ ਨਾਲ ਜੋੜ ਦਿੱਤਾ ਗਿਆ ਹੈ, ਜੋ ਕਿ ਕਰੀਬ 40 ਕਿਲੋਮੀਟਰ ਦੂਰ ਪੈਂਦਾ ਹੈ।
ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਸਤੋਂ ਇਲਾਵਾ ਵੀ ਅਨੇਕਾਂ ਸਕੂਲ ਹਨ ਜੋ ਵੰਡ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਕਈ ਸਕੂਲਾਂ ਦੇ ਨਾਮ ਹੀ ਸੂਚੀ ਵਿਚੋਂ ਗਾਇਬ ਹਨ।