ਬੀਐਸਐਫ ਦੇ ਅਧਿਕਾਰ ਖੇਤਰ 'ਚ ਵਾਧਾ ਦੇਸ਼ ਦੇ ਸੰਘੀ ਢਾਂਚੇ 'ਤੇ ਇੱਕ ਹੋਰ ਹਮਲਾ- ਕਿਸਾਨ ਆਗੂ
ਧਾਰਮਿਕ ਭਾਵਨਾਵਾਂ ਦਾ ਸਤਿਕਾਰ: ਬੀਜੇਪੀ ਨੇਤਾਵਾਂ ਦੇ ਬੁੱਤ ਹੁਣ ਦੁਸਹਿਰੇ ਵਾਲੇ ਦਿਨ ਨਹੀਂ, 16 ਤਰੀਕ ਨੂੰ ਫੂਕੇ ਜਾਣਗੇ: ਕਿਸਾਨ ਆਗੂ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 14 ਅਕਤੂਬਰ 2021- ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 379 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਕੌਮਾਂਤਰੀ ਹੱਦ ਤੋਂ 15 ਕਿਲੋ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਕਿ ਇਸ ਕਾਰਨ ਅੱਧਾ ਪੰਜਾਬ ਅਸਿੱਧੇ ਤੌਰ 'ਤੇ ਕੇਂਦਰ ਸਰਕਾਰ ਦੇ ਅਧੀਨ ਆ ਜਾਵੇਗਾ। ਇਸ ਨਵੇਂ ਫਰਮਾਨ ਤਹਿਤ ਕੇਂਦਰ ਸਰਕਾਰ ਦੀ ਕਮਾਨ ਹੇਠ ਚਲਦੇ ਇਸ ਸੁਰੱਖਿਆ ਬਲ ਨੂੰ ਵਸੀਹ ਅਧਿਕਾਰ ਦਿੱਤੇ ਗਏ ਹਨ। ਹੁਣ ਇਹ ਬਲ ਫੌਜਦਾਰੀ ਜਾਬਤਾ ਕੋਡ ਤੇ ਪਾਸਪੋਰਟ ਕਾਨੂੰਨ ਅਧੀਨ ਵੀ ਕਾਰਵਾਈ ਕਰ ਸਕੇਗਾ। ਆਪਣੇ ਅਧਿਕਾਰ ਖੇਤਰ 'ਚ ਕਿਸੇ ਦੀ ਵੀ ਤਲਾਸ਼ੀ,ਗ੍ਰਿਫਤਾਰੀ ਤੇ ਹਿਰਾਸਤ ਵਿਚ ਰੱਖਣ ਆਦਿ ਕਾਨੂੰਨੀ ਕਾਰਵਾਈਆਂ ਕਰ ਸਕੇਗਾ। ਹਕੀਕੀ ਤੌਰ 'ਤੇ ਇਹ ਸੂਬੇ ਨੂੰ ਅਸਿੱਧੇ ਤੌਰ 'ਤੇ ਕੇਂਦਰ-ਸ਼ਾਸ਼ਿਤ ਪ੍ਰਦੇਸ਼ ( ਯੂ.ਟੀ) ਬਣਾਉਣ ਦੇ ਤੁਲ ਹੈ। ਖੇਤੀ ਕਾਨੂੰਨਾਂ ਤੋਂ ਬਾਅਦ, ਹਾਲੀਆ ਸਾਲਾਂ 'ਚ ਇਹ ਰਾਜਾਂ ਦੇ ਅਧਿਕਾਰਾਂ 'ਤੇ ਇਹ ਅਗਲਾ ਵੱਡਾ ਹਮਲਾ ਹੈ। ਅਸੀਂ ਇਸ ਕਦਮ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਇਸ ਫਰਮਾਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਬੁਲਾਰਿਆਂ ਨੇ ਸੂਚਨਾ ਦਿੱਤੀ ਕਿ ਦੁਸਹਿਰੇ ਵਾਲੇ ਦਿਨ ਬੀਜੇਪੀ ਨੇਤਾਵਾਂ ਦੇ ਪੁਤਲੇ ਸਾੜਨ ਦਾ ਪਹਿਲਾਂ ਤੋਂ ਤਹਿਸ਼ੁਦਾ ਪ੍ਰੋਗਰਾਮ ਹੁਣ 16 ਤਰੀਕ ਨੂੰ ਅੰਜਾਮ ਦਿੱਤਾ ਜਾਵੇਗਾ। ਇਹ ਬਦਲਾਅ ਇੱਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਹਿੱਤ ਕੀਤਾ ਗਿਆ ਹੈ। ਅਸੀਂ ਸਾਰੇ ਧਰਮਾਂ 'ਤੇ ਫਿਰਕਿਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਮੋਰਚੇ ਦੇ ਫੈਸਲਿਆਂ ਨੂੰ ਧਾਰਮਿਕ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ।
ਬੁਲਾਰਿਆਂ ਨੇ ਅੱਜ ਪੰਜਾਬ ਵਿੱਚ ਡੀਏਪੀ ਖਾਦ ਦੀ ਕਿੱਲਤ ਦਾ ਮਸਲਾ ਵੀ ਛੋਹਿਆ। ਆਗੂਆਂ ਨੇ ਕਿਹਾ ਕਿ ਹਾੜੀ ਦੀ ਬਿਜਾਈ ਸਿਰ 'ਤੇ ਹੈ ਪਰ ਡੀਏਪੀ ਖਾਦ ਕਿੱਧਰੋਂ ਨਹੀਂ ਮਿਲ ਰਹੀ। ਸਰਕਾਰ ਇਹ ਕਿੱਲਤ ਦੂਰ ਕਰਨ ਲਈ ਤੁਰੰਤ ਕਦਮ ਉਠਾਏ।
ਅੱਜ ਧਰਨੇ ਨੂੰ ਮੇਲਾ ਸਿੰਘ ਕੱਟੂ, ਹਰਚਰਨ ਸਿੰਘ ਚੰਨਾ, ਬੂਟਾ ਸਿੰਘ ਫਰਵਾਹੀ, ਉਜਾਗਰ ਸਿੰਘ ਬੀਹਲਾ,ਬਿੱਕਰ ਸਿੰਘ ਔਲਖ, ਗੁਰਮੇਲ ਸ਼ਰਮਾ, ਬਾਬੂ ਸਿੰਘ ਖੁੱਡੀ ਕਲਾਂ,ਕਾਕਾ ਸਿੰਘ ਫਰਵਾਹੀ,ਗੋਰਾ ਸਿੰਘ ਢਿੱਲਵਾਂ, ਮਨਜੀਤ ਰਾਜ,ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਪਿਛਲੇ ਦਿਨੀਂ 'ਆਲ ਇੰਡੀਆ ਸਟੂਡੈਂਟਸ ਐਸ਼ੋਸੀਏਸ਼ਨ' ਦੀਆਂ ਵਿਦਿਆਰਥਣਾਂ ਉਪਰ ਦਿੱਲੀ ਪੁਲਿਸ ਵੱਲੋਂ ਕੀਤੇ ਵਹਿਸ਼ੀ ਜਬਰ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਦੱਸਿਆ ਕਿ ਇਸ ਜਥੇਬੰਦੀ ਦੀਆਂ ਕਾਰਕੁੰਨਾਂ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਿਵਾਸ ਨੇੜੇ ਰੋਸ਼ ਪ੍ਰਦਰਸ਼ਨ ਕਰ ਰਹੀਆਂ ਸਨ। ਹਿਰਾਸਤ ਵਿੱਚ ਲੈਣ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਨੇ ਦੋ ਵਿਦਿਆਰਥਣਾਂ ਦੇ ਗੁਪਤ ਅੰਗਾਂ ਨੂੰ ਵਹਿਸ਼ੀ ਜਬਰ ਦਾ ਨਿਸ਼ਾਨਾ ਬਣਾਇਆ। ਉਨ੍ਹਾਂ ਨੂੰ ਸਖਤ ਰੂਪ ਵਿਚ ਜਖਮੀ ਹੀ ਨਹੀਂ ਕੀਤਾ, ਸਗੋਂ ਮਰਦ ਪੁਲਿਸ ਮੁਲਾਜ਼ਮਾਂ ਸਾਹਮਣੇ ਉਨ੍ਹਾਂ ਨੂੰ ਜਿਸਮਾਨੀ ਤੌਰ 'ਤੇ ਬੇਇੱਜਤ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਇਸ ਵਹਿਸ਼ੀ ਕਾਰੇ ਦੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਢੁੱਕਵੀਂ ਕਾਨੂੰਨ ਕਾਰਵਾਈ ਕੀਤੀ ਜਾਵੇ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ-ਗਾਇਣ ਰਾਹੀਂ ਮਾਹੌਲ 'ਚ ਜੋਸ਼ ਭਰਿਆ।