← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 14 ਅਕਤੂਬਰ : ਸਿਹਤ ਬਲਾਕ ਪੀਐਚਸੀ ਜੰਡਵਾਲਾ ਭੀਮੇਸ਼ਾਹ ਵਿਚ ਅਤੇ ਅਧੀਨ ਆਉਂਦੇ ਵੱਖ ਵੱਖ ਸਬ ਸੈਂਟਰਾਂ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਸਿੰਘ ਦੀ ਅਗਵਾਈ ਹੇਠ "ਵਿਸ਼ਵ ਦ੍ਰਿਸ਼ਟੀ ਦਿਵਸ" ਮਨਾਇਆ ਗਿਆ। ਇਸ ਮੌਕੇ ਅਪਥਾਲਮਿਕ ਅਫਸਰ ਡਾ. ਰਾਜਿੰਦਰਪਾਲ ਸਿੰਘ ਇਕਵੰਨ ਨੇ ਆਏ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਕਰਨ ਬਾਰੇ ਦਸਿਆ। ਪੀਐਚਸੀ ਜੰਡਵਾਲਾ ਭੀਮੇਸ਼ਾਹ ਬਲਾਕ ਐਜੂਕੇਟਰ ਹਰਮੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਅੱਖਾਂ ਦੀ ਰੌਸ਼ਨੀ ਨੂੰ ਦਰੁਸਤ ਰੱਖਣ ਲਈ ਕੁੱਝ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਡਾ. ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਖਾਂ ਦੀ ਚੰਗੀ ਸਿਹਤ ਲਈ ਭੋਜਨ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰਨ ਦੇ ਨਾਲ ਨਾਲ ਅੱਖਾਂ ਦੀ ਕਸਰਤ ਵੀ ਜ਼ਰੂਰ ਕਰੋ। ਤੰਬਾਕੂਨੋਸ਼ੀ ਅੱਖਾਂ ਤੇ ਸ਼ਰੀਰ ਦੇ ਵੱਖ ਵੱਖ ਅੰਗਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਇੱਸ ਲਈ ਤੰਬਾਕੂਨੋਸ਼ੀ ਤੋਂ ਗੁਰੇਜ਼ ਕੀਤਾ ਜਾਵੇ। ਪੜ੍ਹਨ ਵੇਲੇ ਘੱਟ ਰੌਸ਼ਨੀ ਵਿੱਚ ਨਹੀਂ ਪੜ੍ਹਨਾ ਚਾਹੀਦਾ ਅਤੇ ਮੋਬਾਈਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਟੈਲੀਵਿਜਨ ਵੇਖਣ ਸਮੇਂ ਅਤੇ ਕੰਪਿਊਟਰ ਦੀ ਵਰਤੋਂ ਕਰਨ ਵੇਲੇ ਉੱਚਤ ਦੂਰੀ ਤੇ ਰੌਸ਼ਨੀ ਦਾ ਧਿਆਨ ਰੱਖਿਆ ਜਾਵੇ। ਮੈਡੀਕਲ ਅਫਸਰ ਡਾ. ਅਮਾਨਤ ਬਜਾਜ ਨੇ ਦੱਸਿਆ ਕਿ ਜੇਕਰ ਅੱਖਾਂ ਵਿੱਚ ਕੁੱਝ ਪੈ ਜਾਵੇ ਜਾਂ ਅੱਖਾਂ ਮੱਚਣ ਤਾਂ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਦਵਾਈ ਅੱਖਾਂ ਵਿੱਚ ਨਹੀਂ ਪਾਉਣੀ ਚਾਹੀਦੀ। ਨਜਦੀਕ ਜਾਂ ਦੂਰ ਦੀ ਵਸਤੂ ਸਹੀ ਨਾ ਦਿੱਸਣ ਤੇ ਡਾਕਟਰ ਕੋਲੋਂ ਸਮੇਂ ਸਮੇਂ ਤੇ ਅੱਖਾਂ ਦੀ ਜਾਂਚ ਜਰੂਰ ਕਰਵਾਓ । ਕਾਲਾ ਮੋਤੀਆ ਜਾਂ ਮੋਤੀਆਬਿੰਦ ਅੱਖਾਂ ਦੀ ਰੌਸ਼ਨੀ ਖੱਤਮ ਕਰ ਦਿੰਦਾ ਹੈ, ਇਸ ਲਈ ਅੱਖਾਂ ਦੀ ਤੁਰੰਤ ਨੇੜਲੇ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਉਣ ਵਿੱਚ ਅਣਗਿਹਲੀ ਨਹੀਂ ਵਰਤਣੀ ਚਾਹੀਦੀ।
Total Responses : 265