ਸਰਕਾਰੀ ਪ੍ਰਾਇਮਰੀ ਬ੍ਰਾਂਚ ਸਕੂਲ ਰਵੀਦਾਸ ਨਗਰ ਦੀ ਬਿਲਡਿੰਗ ਦਾ ਕੰਮ ਇੱਕ ਮਹੀਨੇ ਅੰਦਰ ਸ਼ੁਰੂ ਹੋਵੇਗਾ-ਅੰਗਦ ਸਿੰਘ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂ ਸ਼ਹਿਰ,15 ਅਕਤੂਬਰ 2021- ਸਰਕਾਰੀ ਪ੍ਰਾਇਮਰੀ ਬ੍ਰਾਂਚ ਸਕੂਲ ਰਵੀਦਾਸ ਨਗਰ,ਭਗਵਾਨ ਬਾਲਮੀਕ ਮੁਹੱਲਾ(ਪ੍ਰਸਿੰਨੀ ਦੇਵੀ),ਨਵਾਂ ਸ਼ਹਿਰ ਦੀ ਬਨਣ ਵਾਲੀ ਨਵੀੰ ਬਿੰਲਡਿੰਗ ਦੇ ਸੰਬੰਧ ਵਿੱਚ ਸੁਨੀਤਾ ਰਾਣੀ ਸਕੂਲ ਮੁੱਖੀ ਦੀ ਪ੍ਰਧਾਨਗੀ ਹੇਠ ਸੱਤ ਮੈਂਬਰੀ ਅਧਿਆਪਕਾਂ ਦਾ ਇੱਕ ਵਫ਼ਦ ਅੰਗਦ ਸਿੰਘ ਹਲਕਾ ਵਿਧਾਇਕ ਨੂੰ ਉਨ੍ਹਾਂ ਦੇ ਦਫ਼ਤਰ ਮਿਲਿਆ। ਇਸ ਬਿਲਡਿੰਗ ਦੀ ਉਸਾਰੀ ਵਾਰੇ ਵਫ਼ਦ ਨੂੰ ਵਿਸਵਾਸ਼ ਦਿੰਦਿਆ ਅੰਗਦ ਸਿੰਘ ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਸਕੂਲ ਦੀ ਬਿਲਡਿੰਗ ਨੂੰ ਅਧੁਨਿਕ ਸਹੂਲਤਾਂ ਅਤੇ ਬੱਚਿਆਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾਵੇਗਾ,ਤਾਂ ਕਿ ਛੋਟੇ ਬੱਚਿਆਂ ਨੂੰ ਸਕੂਲ ਵਿੱਚ ਉਨ੍ਹਾਂ ਦੀ ਲੋੜ ਅਨੁਸਾਰ ਹਰੇਕ ਸਹੂਲਤ ਮਿਲ ਸਕੇ ਅਤੇ ਬੱਚੇ ਸਕੂਲ ਨੂੰ ਆਪਣਾ ਘਰ ਹੀ ਸਮਝਣ। ਉਨ੍ਹਾਂ ਦੱਸਿਆ ਕਿ ਇਸ ਦੀ ਉਸਾਰੀ ਲਈ ਮਿਊਸਪਲ ਕਮੇਟੀ ਵਲੋਂ 1.53 ਕਰੋੜ ਰੁਪਏ ਰੱਖੇ ਗਏ ਹਨ। ਇਸ ਸੰਬੰਧੀ ਨਕਸ਼ਾ ਬਣਕੇ ਤਿਆਰ ਹੋ ਚੁੱਕਿਆ ਹੈ ਅਤੇ ਸਰਕਾਰ ਵਲੋਂ ਅਗਲੇ ਹਫ਼ਤੇ ਟੈਂਡਰ ਕਾਲ ਕਰਨ ਲਈ ਮਨਜੂਰੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਨਜੂਰੀ ਮਿਲਣ ਤੋਂ ਬਾਅਦ 21 ਦਿਨ ਦੇ ਅੰਦਰ-ਅੰਦਰ ਟੈਂਡਰ ਲਗਾਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹਲਕਾ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਨਵਾਂ ਸ਼ੈਸ਼ਨ ਇਸ ਬਿਲਡਿੰਗ ਵਿੱਚ ਸ਼ੁਰੂ ਹੋਵੇ।ਇਸ ਲਈ ਉਹ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਰੱਖ ਰਹੇ ਹਨ ਤਾਂ ਕਿ ਇਹ ਕਾਰਜ ਜਲਦੀ ਨੇਪਰੇ ਚੜ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਕੂਲ ਜਿਲ੍ਹੇ ਦਾ ਪ੍ਰਾਇਮਰੀ ਇੱਕ ਮਾਡਲ ਸਕੂਲ ਹੋਵੇਗਾ,ਜਿਥੇ ਕਿ ਬੱਚਿਆਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆਂ ਕਿ ਇਹ ਬਿਲਡਿੰਗ ਡਬਲ ਸਟੋਰੀ ਹੋਵੇਗੀ ਅਤੇ ਇਸ ਵਿੱਚ ਘੱਟੋ-ਘੱਟ 10-12 ਕਮਰਿਆਂ ਦਾ ਨਿਰਮਾਣ ਕੀਤਾ ਜਾਵੇਗਾ।ਇਥੇ ਇਹ ਵੀ ਜਿਕਰਯੋਗ ਹੈ ਕਿ ਇਹ ਸਕੂਲ ਪਹਿਲਾਂ ਸ਼ਹਿਰ ਦੀ ਇੱਕ ਨਾਮਵਰ ਐਨ ਜੀ ਓ ਵਲੋਂ ਚਲਾਇਆ ਜਾਂਦਾ ਸੀ।ਜਿਸ ਨੂੰ ਕੁਝ ਅਧਿਆਪਕਾਂ ਦੇ ਯਤਨਾਂ ਸਦਕਾ ਪਿਛਲੇ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਰਵਿਦਾਸ ਨਗਰ ਵਿੱਚ ਮਰਜ ਕਰਵਾਕੇ ਬ੍ਰਾਂਚ ਸਕੂਲ ਬਣਵਾਇਆ ਗਿਆ ਸੀ,ਜਿਸ ਨੂੰ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਮੰਨਜੂਰੀ ਮਿਲ ਚੁੱਕੀ ਹੈ ਅਤੇ ਇਸ ਸਮੇਂ ਦੋਨਾਂ ਸਕੂਲਾਂ ਵਿੱਚ ਕੁੱਲ 430 ਬੱਚੇ ਅਤੇ ਇਸ ਬ੍ਰਾਂਚ ਸਕੂਲ ਵਿੱਚ 162 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਬੱਚਿਆਂ ਦੀ ਗਿਣਤੀ ਅਨੁਸਾਰ ਦੋਵਾਂ ਸਕੂਲਾਂ ਲਈ ਵਿਭਾਗ ਵਲੋਂ 13 ਪੋਸਟਾਂ ਦੀ ਮੰਨਜੂਰੀ ਵੀ ਦਿੱਤੀ ਗਈ ਹੈ। ਇਸ ਵਫ਼ਦ ਵਿੱਚ ਬਲਵਿੰਦਰ ਕੌਰ,ਮੀਨੂ ਵਰਮਾ,ਗੁਰਦਿਆਲ ਸਿੰਘ,ਸੁੱਖ ਰਾਮ ਅਤੇ ਨੀਲ ਕਮਲ ਸ਼ਾਮਿਲ ਸਨ।