ਮਾਨਸਾ 'ਚ ਦਿਲ ਕੰਬਾਊ ਹਾਦਸਾ, ਮਾਲੇਰਕੋਟਲਾ ਤੋਂ ਤਲਵੰਡੀ ਸਾਬੋ ਜਾ ਰਹੇ ਪਰਿਵਾਰ ਦੇ 5 ਜੀਆਂ ਦੀ ਮੌਤ
ਸੰਜੀਵ ਜਿੰਦਲ, ਬਾਬੂਸ਼ਾਹੀ ਨੈੱਟਵਰਕ
ਮਾਨਸਾ, 15 ਅਕਤੂਬਰ 2021 : ਮਾਨਸਾ ਜਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਹਪੀ ਨੇੜੇ ਸ਼ੁੱਕਰਵਾਰ ਸਵੇਰੇ ਦਿਲ ਕੰਬਾਊ ਹਾਦਸਾ ਵਾਪਰਿਆ ਜਿਸ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦਾ ਇਕ ਪਰਿਵਾਰ ਮਾਲੇਰਕੋਟਲਾ ਤੋਂ ਬਾਬੇ ਦੀ ਚੌਂਕੀ ਲਗਾ ਕੇ ਕਾਰ 'ਚ ਵਾਪਸ ਆਪਣੇ ਘਰ ਨੂੰ ਪਰਤ ਰਹੇ ਸਨ। ਭੀਖੀ ਤੋਂ 6 ਕਿੱਲੋਮੀਟਰ ਦੂਰ ਸੁਨਾਮ ਰੋਡ 'ਤੇ ਪਿੰਡ ਹਮੀਰਗੜ੍ਹ ਢੈਹਪੀ ਦੇ ਗੁਰਦੁਆਰਾ ਸਾਹਿਬ ਨੇੜੇ ਅੱਜ ਸਵੇਰੇ 8 ਵਜੇ ਦੇ ਕਰੀਬ ਸੜਕ 'ਤੇ ਇਕ ਰੇਤਾ ਦੇ ਭਰੇ ਟਰਾਲੇ ਜਿਸ ਦਾ ਨੰਬਰ PB03AF7525 ਹੈ, ਨਾਲ ਉਨ੍ਹਾਂ ਦੀ ਮਹਿੰਦਰਾ ਯੈਲੋ ਗੱਡੀ PB13BE9397 ਦੀ ਟੱਕਰ ਹੋ ਗਈ। ਮਹਿੰਦਰਾ ਯੈਲੋ 'ਚ 8 ਵਿਅਕਤੀ ਸਵਾਰ ਸਨ। ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਤਿੰਨ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੋ ਦੀ ਹਸਪਤਾਲ ਲਿਜਾਂਦੇ ਸਮੇਂ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਰੈਫਰ ਕੀਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਭਿਜਵਾ ਦਿੱਤਾ। ਪੁਲਿਸ ਮੁਤਾਬਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਪਟਿਆਲਾ ਦੇ ਦੇਵੀਗੜ੍ਹ ਰੋਡ ’ਤੇ ਵੀ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਟਰੈਕਟਰ ਟਰਾਲੀ ਅਤੇ ਸਕਾਰਪੀਓ ਗੱਡੀ ਵਿਚਕਾਰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ਤੋਂ ਸ਼ਰਧਾਲੂ ਟਰੈਕਟਰ ਟਰਾਲੀ ’ਤੇ ਮੱਥਾ ਟੇਕ ਕੇ ਪਟਿਆਲਾ ਵਾਪਸ ਆ ਰਹੇ ਸਨ।