ਅਕਾਲੀ ਦਲ ਨੇ ਅਟਲ ਹਾਊਸਿੰਗ ਅਪਾਰਟਮੈਂਟ ਸਕੀਮ ਦਾ ਨਾਂ ਬਦਲਣ ਦੇ ਫੈਸਲੇ ਲਈ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਕੀਤੀ ਨਿਖੇਧੀ
ਲੁਧਿਆਣਾ, 15 ਅਕਤੂਬਰ 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੁਧਿਆਣਾ ਇੰਪਰੂਮੈਂਟ ਟਰੱਸਟ ਵੱਲੋਂ ਅਟਲ ਅਪਾਰਮੈਂਟਸ ਹਾਊਸਿੰਗ ਸਕੀਮ ਦਾ ਨਾਂ ਬਦਲ ਕੇ ਸ਼ਹੀਦ ਕਰਨੈਲ ਸਿੰਘ ਨਗਰ ਰੱਖਣ ਦੇ ਫੈਸਲੇ ਦੀ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਲੁਧਿਆਣਾ ਇੰਪਰੂਮੈਂਟ ਟਰੱਸਟ ਹਾਊਸਿੰਗ ਸਕੀਮ ਦਾ ਨਾਂ ਬਦਲ ਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਦਾ ਅਪਮਾਨ ਕਰ ਰਿਹਾ ਹੈ।
ਲੁਧਿਆਣਾ ਇੰਪਰੂਮੈਂਟ ਟਰੱਸਟ ਨੁੰ ਸਿਆਸਤ ਦੇ ਕਾਰਨ ਅਜਿਹੀ ਸੌੜੀ ਸੋਚ ਨਾ ਅਪਣਾਉਣ ਲਈ ਕਹਿੰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਸਾਨੂੰ ਅਟਲ ਬਿਹਾਰੀ ਵਾਜਪਾਈ ਜਿਹਨਾਂ ਆਪਣੀ ਕਮਾਲ ਦੀ ਲੀਡਰਸ਼ਿਪ ਦੀ ਬਦੌਲਤ ਦੁਨੀਆਂ ਭਰ ਵਿਚ ਭਾਰਤ ਦਾ ਨਾਂ ਉੱਚਾ ਕੀਤਾ, ਨੂੰ ਯਾਦ ਕਰਦਿਆਂ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਸੋਚਣਾ ਚਾਹੀਦਾ ਹੈ।
ਲੁਧਿਆਣਾ ਇੰਪਰੂਮੈਂਟ ਟਰੱਸਟ ਨੂੰ ਆਪਣੇ ਫੈਸਲੇ ਦੀ ਸਮੀਖਿਆ ਕਰਨ ਵਾਸਤੇ ਆਖਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਕੁਝ ਹੋਰ ਸਕੀਮਾਂ ਜਾਂ ਪ੍ਰਾਜੈਕਟਾਂ ਦਾ ਨਾਂ ਹੋਰ ਸ਼ਖਸੀਅਤਾਂ ਦੇ ਨਾਂ ’ਤੇ ਰੱਖ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਨੂੰ ਇਹ ਸੰਦੇਸ਼ ਨਹੀਂ ਭੇਜਣਾ ਚਾਹੀਦਾ ਕਿ ਅਸੀਂ ਅਟਲ ਬਿਹਾਰੀ ਵਾਜਪਾਈ ਦੀ ਯਾਦ ਦਾ ਅਪਮਾਨ ਕਰ ਰਹੇ ਹਾਂ। ਉਹਨਾਂ ਨੇ ਲੁਧਿਆਣਾ ਇੰਪਰੂਮੈਂਟ ਟਰੱਸਟ ਨੂੰ ਲੁਧਿਆਣਾ ਦੇ ਨਾਗਰਿਕਾਂ ਦੇ ਭਾਵਨਾਵਾਂ ਦਾ ਸਨਮਾਨ ਵਾਸਤੇ ਆਖਿਆ ਜੋ ਨਹੀਂ ਚਾਹੁੰਦੇ ਕਿ ਹਾਊਸਿੰਗ ਅਪਾਰਟਮੈਂਟ ਸਕੀਮ ਦਾ ਨਾਂ ਬਦਲਿਆ ਜਾਵੇ।