ਪਿੰਡ ਨਸੀਰਪੁਰ ਦੀ ਸਮੁੱਚੀ ਪੰਚਾਇਤ ਤੇ ਨੌਜਵਾਨਾਂ ਨੇ ਵਿਧਾਇਕ ਚੀਮਾ ਨੂੰ ਦਿੱਤਾ ਖੁੱਲ੍ਹ ਕੇ ਸਮਰਥਨ
ਬਲਵਿੰਦਰ ਸਿੰਘ ਧਾਲੀਵਾਲ
- ਵਿਧਾਇਕ ਚੀਮਾ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮੁੱਚੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ - ਸਰਪੰਚ
ਸੁਲਤਾਨਪੁਰ ਲੋਧੀ 15 ਅਕਤੂਬਰ 2021 - ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਹੋਰ ਭਾਰੀ ਸਮਰਥਨ ਮਿਲਿਆ ਜਦੋਂ ਪਿੰਡ ਨਸੀਰਪੁਰ ਦੀ ਸਮੁੱਚੀ ਪੰਚਾਇਤ ਅਤੇ ਨੌਜਵਾਨਾਂ ਨੇ ਭਰਵਾਂ ਸਮਰਥਨ ਦਿੰਦਿਆਂ ਪਿੰਡ ਵਿੱਚੋਂ 70 ਫ਼ੀਸਦੀ ਤੋਂ ਵੱਧ ਵੋਟਾਂ ਪਾਉਣ ਦਾ ਭਰੋਸਾ ਦਿੰਦੇ ਹੋਏ ਪਿਛਲੀਆਂ ਚੋਣਾਂ ਤੋਂ ਵੀ ਜ਼ਿਆਦਾ ਲੀਡ ਤੇ ਜਿਤਾਉਣ ਦਾ ਵਚਨ ਦਿੱਤਾ।
ਸਰਪੰਚ ਹਰਦੇਵ ਸਿੰਘ, ਮਨਜੀਤ ਸਿੰਘ ਪੰਚ, ਰਜਿੰਦਰ ਸਿੰਘ ਪੰਚ ਨੇ ਵਿਧਾਇਕ ਚੀਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਕੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ ਕਿ ਹਲਕੇ ਦੀ ਵਾਗਡੋਰ ਇੱਕ ਮਿਹਨਤੀ ਤੇ ਇਮਾਨਦਾਰ ਨੌਜਵਾਨ ਦੇ ਹੱਥ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਚੀਮਾ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਲਕੇ ਦੇ ਸਮੁੱਚੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਨਸੀਰਪੁਰ ਦੇ ਵਿਕਾਸ ਲਈ ਜੋ ਗਰਾਂਟਾਂ ਦੇ ਗੱਫੇ ਦੇ ਕੇ ਵਿਧਾਇਕ ਚੀਮਾ ਨੇ ਵਿਕਾਸ ਕਰਵਾਇਆ ਹੈ ਉਸ ਨੂੰ ਪਿੰਡ ਵਾਸੀ ਕਦੇ ਵੀ ਭੁਲਾ ਨਹੀਂ ਸਕਦੇ । ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਆਗੂ ਵੀ ਸਨ ਜਿਨ੍ਹਾਂ ਨੇ ਵਿਧਾਇਕ ਚੀਮਾ ਨੂੰ ਕਿਹਾ ਕਿ ਅਸੀਂ ਚਟਾਨ ਵਾਂਗ ਤੁਹਾਡੇ ਨਾਲ ਖੜ੍ਹੇ ਹਾਂ ਅਤੇ 2022 ਦੀਆਂ ਚੋਣਾਂ ਵਿਚ ਪਿੰਡ ਚੋਂ ਵੱਡੀ ਲੀਡ ਦਿਵਾ ਕੇ ਵਿਰੋਧੀ ਧਿਰ ਦੇ ਭੁਲੇਖੇ ਦੂਰ ਕਰ ਦੇਵਾਂਗੇ।
ਉਨ੍ਹਾਂ ਕਿਹਾ ਕਿ ਹਲਕੇ ਦਾ ਸਮੁੱਚਾ ਨੌਜਵਾਨ ਵਿਧਾਇਕ ਚੀਮਾ ਅਤੇ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹੈ। ਸ੍ਰੀ ਚੀਮਾ ਵੱਲੋਂ ਹਲਕੇ ਦੇ ਪਿੰਡਾਂ ਦੇ ਕਰਵਾਏ ਗਏ ਵਿਕਾਸ ਅੱਜ ਆਪਣੇ ਮੂੰਹੋਂ ਬੋਲਦੇ ਹਨ। ਜਿਸ ਪਿੰਡ ਦਾ ਕਈ ਕਈ ਵਰ੍ਹਿਆਂ ਤੋਂ ਵਿਕਾਸ ਦਾ ਇੱਕ ਪੈਸਾ ਵੀ ਨਹੀਂ ਸੀ ਲੱਗਿਆ ਅੱਜ ਉਹ ਪਿੰਡ ਵਿਕਾਸ ਪੱਖੋਂ ਆਪਣੀ ਕਹਾਣੀ ਖੁਦ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਬਦਲਣ ਨਾਲ ਕਦੇ ਵੋਟਾਂ ਨਹੀਂ ਮਿਲਦੀਆਂ ਇਹ ਤਾਂ ਸਮਾਂ ਆਪਣੇ ਆਪ ਦੱਸ ਦਿੰਦਾ ਹੈ। ਇਸ ਮੌਕੇ ਵਿਧਾਇਕ ਚੀਮਾ ਨੇ ਸਮੂਹ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਉਹ ਦਿਨ ਰਾਤ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਜੋ ਵੀ ਵਾਅਦੇ ਮੈਂ ਆਪਣੇ ਹਲਕਾ ਨਿਵਾਸੀਆਂ ਨਾਲ ਕੀਤੇ ਸਨ ਉਨ੍ਹਾਂ ਸਾਰਿਆਂ ਨੂੰ ਪੂਰਾ ਕਰ ਦਿੱਤਾ ਹੈ ਜੇ ਕਿਤੇ ਕੋਈ ਕਾਰਜ ਰਹਿੰਦਾ ਵੀ ਹੋਵੇਗਾ ਉਸ ਨੂੰ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਤਨ ਮਨ ਸਾਰਾ ਇਸ ਹਲਕੇ ਦੇ ਨਾਲ ਹੀ ਹੈ ਅਤੇ ਇਨ੍ਹਾਂ ਦੇ ਹਰੇਕ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਮੇਰਾ ਫ਼ਰਜ਼ ਵੀ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕੋਲ ਚੋਣ ਲੜਨ ਲਈ ਕੋਈ ਮੁੱਦਾ ਹੀ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਚੰਨੀ ਨੇ ਜੋ ਥੋੜ੍ਹੇ ਸਮੇਂ ਵਿੱਚ ਪੰਜਾਬ ਵਾਸੀਆਂ ਲਈ ਐਲਾਨ ਕੀਤੇ ਹਨ ਉਸ ਨਾਲ ਸਮੂਹ ਪੰਜਾਬੀਆਂ ਦੇ ਮਨਾਂ ਵਿਚ ਚੰਨੀ ਸਰਕਾਰ ਪ੍ਰਤੀ ਵਿਸ਼ਵਾਸ ਹੋਰ ਵਧਿਆ ਹੈ ਅਤੇ ਫਰਵਰੀ ਚੋਣਾਂ ਵਿੱਚ ਕਾਂਗਰਸ ਸਰਕਾਰ 80 ਤੋਂ ਵੀ ਵੱਧ ਸੀਟਾਂ ਪ੍ਰਾਪਤ ਕਰ ਕੇ ਸਰਕਾਰ ਬਣਾਏਗੀ। ਇਸ ਮੌਕੇ ਐੱਨ ਆਰ ਆਈ ਸੁਖਵਿੰਦਰ ਸਿੰਘ ਆਸਟ੍ਰੇਲੀਆ, ਅਮਰਦੀਪ ਸਿੰਘ, ਗਗਨਦੀਪ ਸਿੰਘ, ਕੁਲਬੀਰ ਸਿੰਘ ਗੋਲਡੀ, ਜਗੀਰ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਲਵਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।