ਦਿਨ ਦਿਹਾੜੇ ਪਿਸਤੌਲਾਂ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ 'ਤੇ ਲੁੱਟ
ਲੋਕੇਸ਼ ਰਿਸ਼ੀ
ਗੁਰਦਾਸਪੁਰ, 16 ਅਕਤੂਬਰ 2021- ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਵਿਗੜਦੇ ਲਾ ਐਂਡ ਆਰਡਰ ਦੇ ਹਾਲਾਤ ਬਿਆਨ ਕਰਦੀ ਇੱਕ ਵਾਰਦਾਤ ਸਾਹਮਣੇ ਆਈ ਹੈ। ਜਿੱਥੇ 3 ਨੌਜਵਾਨਾਂ ਵੱਲੋਂ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਤੇ ਇੱਕ ਜਿਊਲਰੀ ਸ਼ਾਪ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ਨਕਦੀ ਅਤੇ ਸੋਨਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਫ਼ਿਲਹਾਲ ਪੂਰੀ ਘਟਨਾ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਅਤੇ ਪੁਲਿਸ ਵੱਲੋਂ ਇਸੇ ਅਧਾਰ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਬਟਾਲਾ ਦੇ ਨਜ਼ਦੀਕੀ ਪਿੰਡ ਅਲੀਵਾਲ ਵਿਖੇ ਸਥਿਤ ਦੀਪਕ ਜਿਊਲਰਜ਼ ਦੇ ਮਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ (ਸ਼ਨਿੱਚਰ ਵਾਰ) ਨੂੰ ਰੋਜ਼ਾਨਾ ਦੀ ਤਰਾਂ ਜਦੋਂ ਆਪਣੀ ਦੁਕਾਨ ਖੋਲ੍ਹੀ। ਤਾਂ ਕੁੱਝ ਸਮੇਂ ਬਾਦ ਹੁੰਡਈ ਕਾਰ 'ਚ ਸਵਾਰ 3 ਨੌਜਵਾਨ ਉਨ੍ਹਾਂ ਦੀ ਦੁਕਾਨ ਤੇ ਜਿਨ੍ਹਾਂ ਨੇ ਮਾਸਕ ਨਾਲ ਆਪਣੇ ਮੂੰਹ ਢਕੇ ਹੋਏ ਸਨ। ਪਹੁੰਚ ਕੇ ਚਾਂਦੀ ਦੀ ਚੈਨ ਮੰਗਣ ਲੱਗੇ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਨੌਜਵਾਨ ਨੂੰ ਚਾਂਦੀ ਦੀ ਚੈਨ ਵਿਖਾ ਰਿਹਾ ਸੀ ਤਾਂ ਤਿੰਨਾਂ ਵਿਚੋਂ ਦੋ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਸੋਨੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਹੀ ਤਿੰਨਾਂ ਨੌਜਵਾਨਾਂ ਵੱਲੋਂ ਪਿਸਤੌਲਾਂ ਦੀ ਨੋਕ ਤੇ ਜ਼ਬਰਦਸਤੀ ਦੁਕਾਨ ਵਿੱਚੋਂ 50 ਹਜ਼ਾਰ ਰੁਪਏ ਨਕਦ ਅਤੇ 6 ਤੋਲੇ ਸੋਨਾ ਲੁੱਟ ਲਿਆ ਗਿਆ। ਉਨ੍ਹਾਂ ਦੱਸਿਆ ਕਿ ਲੁੱਟੇ ਗਏ ਸੋਨੇ ਦੀ ਕੀਮਤ ਕਰੀਬ 5 ਲੱਖ ਰੁਪਏ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਮਗਰੋਂ ਲੁਟੇਰੇ ਆਪਣੀ ਕਾਰ ਵਿੱਚ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੂਰੀ ਵਾਰਦਾਤ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਘਟਨਾ ਤੋਂ ਬਾਦ ਵਾਰਦਾਤ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਉੱਥੇ ਹੀ ਖੇਤਰੀ ਪੁਲਿਸ ਨਾਲ ਗੱਲ ਕਰਨ ਤੇ ਇਲਾਕੇ ਦੇ ਐੱਸ.ਐੱਚ.ਓ ਨੇ ਦੱਸਿਆ ਕਿ ਫ਼ਿਲਹਾਲ ਪੀੜਿਤ ਦੀ ਸ਼ਿਕਾਇਤ ਤੇ 3 ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੂਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ ਅਤੇ ਉਸੇ ਅਧਾਰ ਤੇ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।