ਮਾਨਸਾ: ਸਿਪਾਹੀ ਵੱਲੋਂ ਖੁਦਕਸ਼ੀ ਮਾਮਲੇ ’ਚ ਇੱਕ ਅਫਸਰ 'ਤੇ ਉਂਗਲ ਉੱਠੀ
ਅਸ਼ੋਕ ਵਰਮਾ
ਮਾਨਸਾ, 17ਅਕਤੂਬਰ2021: ਮਾਨਸਾ ’ਚ ਇੱਕ ਨੌਜਵਾਨ ਸਿਪਾਹੀ ਵੱਲੋਂ ਗੋਲੀ ਮਾਰਕੇ ਖੁਦਕਸ਼ੀ ਕਰ ਲੈਣ ਉਪਰੰਤ ਪੁਲਿਸ ਮੁਲਾਜਮਾਂ ’ਚ ਗਮ ਅਤੇ ਗੁੱਸੇ ਦਾ ਮਹੌਲ ਬਣਿਆ ਹੋਇਆ ਹੈ। ਸਿਪਾਹੀ ਹਰਸ਼ਦੀਪ ਸਿੰਘ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਦੱਸੀ ਜਾ ਰਹੀ ਹੈ। ਹਾਲਾਂਕਿ ਸਿੱਧੇ ਤੌਰ ਤੇ ਕੋਈ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਪ੍ਰਸ਼ਾਸ਼ਨਿਕ ਹਾਲਕਿਆਂ ਵਿੱਚ ਇਸ ਖੁਦਕਸ਼ੀ ਨੂੰ ਲੈਕੇ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਸ਼ੱਕੀ ਭੂਮਿਕਾ ਸਬੰਧੀ ਚੁੰਝ ਚਰਚੇ ਛਿੜੇ ਹੋਏ ਹਨ। ਦੂਜੇ ਪਾਸੇ ਮਾਨਸਾ ਪੁਲਿਸ ਨੇ ਹਰਸ਼ਦੀਪ ਸਿੰਘ ਵੱਲੋਂ ਕੀਤੀ ਖੁਦਕਸ਼ੀ ਦੇ ਸਬੰਧ ਵਿੱਚ ਉਸ ਦੀ ਮਾਤਾ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਇੱਕ ਲੜਕੀ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ।
ਅਜਿਹੇ ਗੁੰਝਲਦਾਰ ਹਾਲਾਤਾਂ ਦਰਮਿਆਨ ਸਿਪਾਹੀ ਖੁਦਕਸ਼ੀ ਮਾਮਲਾ ਮਾਨਸਾ ਪੁਲਿਸ ਲਈ ਚੁਣੌਤੀ ਬਣ ਗਿਆ ਹੈ। ਜਾਂਚ ਅਧਿਕਾਰੀਆਂ ਨੇ ਵੀ ਇਸ ਕੇਸ ਨੂੰ ਕਾਫੀ ਗੰਭੀਰਤਾ ਨਾਂਲ ਲਿਆ ਹੈ। ਪੜਛਾਲ ਨੂੰ ਪੁਖਤਾ ਬਨਾਉਣ ਲਈ ਮ੍ਰਿਤਕ ਹਰਸ਼ਦੀਪ ਸਿੰਘ ਦੇ ਮੋਬਾਇਲ ਦੀ ਕਾਲ ਡਿਟੇਲ ਕਢਵਾਈ ਜਾ ਰਹੀ ਹੈ ਅਤੇ ਮ੍ਰਿਤਕ ਸਿਪਾਹੀਂ ਦੇ ਬੈਂਕ ਖਾਤੇ ਖੰਘਾਲਿਆ ਜਾ ਰਿਹਾ ਹੈ। ਆਪਣੀ ਡਿਊਟੀ ਤੋਂ ਇਲਾਵਾ ਮ੍ਰਿਤਕ ਦੇ ਆਉਣ ਜਾਣ ਦੀਆਂ ਕੀ ਸਰਗਰਮੀਆਂ ਸਨ ਇਹ ਵੀ ਪੜਤਾਲ ਦਾ ਵਿਸ਼ਾ ਹੈ। ਪੁਲਿਸ ਹਰਸ਼ਦੀਪ ਦੇ ਦੋਸਤਾਂ ਦੀ ਸੂਚੀ ਬਨਾਉਣ ਦੇ ਨਾਲ ਨਾਲ ਖੁਦਕਸ਼ੀ ਤੋਂ 72 ਘੰਟੇ ਪਹਿਲਾਂ ਦੀਆਂ ਗਤੀਵਿਧੀਆਂ ਬਾਰੇ ਵੀ ਪਤਾ ਲਾਉਣ ’ਚ ਜੁਟੀ ਹੋਈ ਹੈ ਤਾਂ ਜੋ ਮਾਮਲੇ ਤੋਂ ਪਰਦਾ ਚੁੱਕਿਆ ਜਾ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਿਪਾਹੀ ਹਰਸ਼ਦੀਪ ਸਿੰਘ ਨੂੰ ਆਪਣੇ ਪਿਤਾ ਦੀ ਮੌਤ ਹੋ ਜਾਣ ਕਾਰਨ ਤਰਸ ਦੇ ਅਧਾਰ ਤੇ ਪੁਲਿਸ ’ਚ ਭਰਤੀ ਕੀਤਾ ਗਿਆ ਸੀ ਅਤੇ ਉਸ ਵੇਲੇ ਪਰਖ ਕਾਲ ਅਧੀਨ ਚੱਲ ਰਿਹਾ ਸੀ। ਪਤਾ ਲੱਗਿਆ ਹੈ ਕਿ ਹਰਸ਼ਦੀਪ ਸਿੰਘ ਨੂੰ ਡਿਊਟੀ ’ਚ ਕੋਤਾਹੀ ਕਰਨ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਬਾਅਦ ’ਚ ਉਸ ਦੀ ਬਹਾਲੀ ਹੋ ਗਈ ਸੀ। ਇਸ ਵੇਲੇ ਹਰਸ਼ਦੀਪ ਸਿੰਘ ਪੁਲਿਸ ਲਾਈਨ ਮਾਨਸਾ ’ਚ ਤਾਇਨਾਤ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਇੱਕ ਸਰਕਾਰੀ ਰਾਈਫਲ ਲੈਕੇ ਮਾਨਸਾ ਦੇ ਇੱਕ ਕਾਲਜ ਲਾਗੇ ਪੁੱਜਾ ਜਿੱਥੇ ਗੱਡੀ ਨੂੰ ਬੰਦ ਕਰਕੇ ਖੁਦ ਨੂੰ ਗੋਲੀ ਮਾਰ ਲਈ।
ਪੁਲਿਸ ਸੂਤਰਾਂ ਮੁਤਾਬਕ ਹਰਸ਼ਦੀਪ ਸਿੰਘ ਨੇ ਦੋ ਦਿਨ ਪਹਿਲਾਂ ਵੀ ਖੁਦਕਸ਼ੀ ਦੇ ਇਰਾਦੇ ਨਾਲ ਕਾਫੀ ਮਾਤਰਾ ’ਚ ਨੀਂਦ ਵਾਲੀਆਂ ਗੋਲੀਆਂ ਖਾ ਲਈਆਂ ਸਨ ਪਰ ਉਲਟੀ ਆਉਣ ਕਾਰਨ ਉਹ ਬਚ ਗਿਆ। ਸੂਤਰ ਦੱਸਦੇ ਹਨ ਕਿ ਕਿਸੇ ਅਫਸਰ ਵੱਲੋਂ ਝਾੜ ਝੰਬ ਕਰਨ ਕਰਕੇ ਸਿਪਾਹੀ ਹਰਸ਼ਦੀਪ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਸੀ ਪਰ ਉਹ ਐਨਾ ਵੱਡਾ ਕਦਮ ਉਠਾ ਲਵੇਗਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਧਿਕਾਰੀ ਆਖਦੇ ਹਨ ਕਿ ਇਹ ਇੱਕ ਨੌਜਵਾਨ ਦੀ ਦੁਖਦਾਈ ਮੌਤ ਨਾਲ ਜੁੜਿਆ ਬੇਹੱਦ ਸੰਜੀਦਾ ਮਾਮਲਾ ਹੈ ਇਸ ਲਈ ਦੋਸ਼ੀ ਕੋਈ ਵੀ ਹੋਵੇ ਕਿਸੇ ਵੀ ਨੂੰ ਬਖਸ਼ਿਆ ਨਹੀਂ ਜਾਏਗਾ।
ਮਾਮਲੇ ਦੀ ਪੜਤਾਲ ਸ਼ੁਰੂ:ਐਸ ਪੀ
ਐਸ ਪੀ ਡੀ ਮਾਨਸਾ ਦਿਗਵਿਜੇ ਕਪਿਲ ਦਾ ਕਹਿਣਾ ਸੀ ਕਿ ਹਰਸ਼ਦੀਪ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਇੱਕ ਲੜਕੀ ਨੂੰ ਨਾਮਜਦ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ ਵੱਖ ਪਹਿਲੂਆਂ ਨੂੰ ਪੜਤਾਲਿਆ ਜਾ ਰਿਹਾ ਹੈ। Ê
ਡਿਊਟੀਆਂ ਨੇ ਬੌਂਦਲਾਏ ਪੁਲਿਸ ਮੁਲਾਜਮ
ਸਿਰਫ ਮਾਨਸਾ ਜਿਲ੍ਹੇ ’ਚ ਹੀ ਨਹੀਂ ਬਲਕਿ ਹਰ ਜਿਲ੍ਹੇ ’ਚ ਚੱਲ ਰਹੀਆਂ ਬੇਲਗਾਮ ਡਿਊਟੀਆਂ ਕਾਰਨ ਪੁਲਿਸ ਮੁਲਾਜਮ ਬੌਂਦਲੇ ਪਏ ਹਨ। ਦੇਖਣ ’ਚ ਆਇਆ ਹੈ ਕਿ ਹਰ ਮੁਲਾਜਮ ਨੂੰ ਘੱਟੋ ਘੱਟ 12 ਤੋਂ 18 ਘੰਟੇ ਤੱਕ ਡਿਊਟੀ ਦੇਣੀ ਪੈ ਰਹੀ ਹੈ। ਕਿਸਾਨੀ ਸੰਘਰਸ਼ ਕਾਰਨ ਸਿਆਸੀ ਲੀਡਰਾਂ ਦੀ ਰਾਖੀ ਲਈ ਤਾਂ ਪੁਲਿਸ ਨੂੰ ਹਰ ਵਕਤ ਪੱਬਾਂ ਭਾਰ ਰਹਿਣਾ ਪੈਂਦਾ ਹੈ। ਡਿਊਟੀ ਕਾਰਨ ਵੱਡੀ ਗਿਣਤੀ ਪੁਲਿਸ ਮੁਲਾਜਮ ਬਲੱਡ ਪ੍ਰੈਸ਼ਰ,ਹਾਈਪਰ ਟੈਂਨਸ਼ਨ ਅਤੇ ਮੋਟਾਪੇ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹਨ। ਕਈ ਪੁਲਿਸ ਮੁਲਾਜਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਆਪਣੇ ਗਮੀ,ਖੁਸ਼ੀ ਅਤੇ ਸਮਾਜਿਕ ਸਮਾਗਮਾਂ ਤੋਂ ਇਲਾਵਾ ਵਿਆਹ ਸ਼ਾਦੀਆਂ ਵੇਲੇ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੁਲਿਸ ਮੁਲਾਜਮਾਂ ਦੀ ਜੁਬਾਨ ਨੂੰ ਤਾਲਾ
ਪੰਜਾਬ ਪੁਲਿਸ ਅਨੁਸ਼ਾਸ਼ਨਬੱਧ ਫੋਰਸ ਹੋਣ ਕਰਕੇ ਆਪਣੇ ਹੱਕ ਲਈ ਅਵਾਜ਼ ਬੁਲੰਦ ਨਹੀਂ ਕਰ ਸਕਦੀ ਹੈ। ਕਦੇ ਵੀ ਪੰਜਾਬ ਪੁਲਿਸ ਨੇ ਡਿਊਟੀ ਦੇ ਮਾਮਲੇ ’ਚ ਪੁਲਿਸ ਮੁਲਾਜਮਾਂ ਨੇ ਮੂੰਹ ਨਹੀਂ ਖੋਹਲਿਆ ਹੈ। ਪੁਲਿਸ ਦਾ ਅਕਸ ਕਿਹੋ ਹਿਾ ਵੀ ਹੋਵੇ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਦੇ ਸਾਰੇ ਤਿੱਥ ਤਿਉਹਾਰ ਸੜਕਾਂ ਤੇ ਲੰਘਦੇ ਹਨ। ਜਾਣਕਾਰੀ ਅਨੁਸਾਰ ਮਾਡਲ ਪੁਲਿਸ ਐਕਟ ਦੀ ਧਾਰਾ 8 ’ਚ ਦਰਜ ਹੈ ਕਿ ਪੁਲਿਸ ਮੁਲਾਜਮਾਂ ਤੋਂ 8 ਘੰਟੇ ਡਿਊਟੀ ਲਈ ਜਾਵੇ। ਖਾਸ ਪ੍ਰਸਥਿਤੀਆਂ ’ਚ ਡਿਊਟੀ 12 ਘੰਟੇ ਲਈ ਜਾ ਸਕਦੀ ਹੈ। ਮੁਲਕ ਵਿੱਚ ਪੁਲਿਸ ਦੀ ਔਸਤ ਡਿਊਟੀ 14 ਘੰਟੇ ਹੈ ਜਦੋਂਕਿ ਪੰਜਾਬ ’ਚ ਇਸ ਤੋਂ ਕਿਤੇ ਵੱਧ ਹੈ। ਜਦੋਂ ਕਾਂਗਰਸ ਹਕੂਮਤ ਆਈ ਸੀ ਤਾਂ ਐਲਾਨ ਕੀਤਾ ਸੀ ਕਿ ਮੁਲਾਜਮਾਂ ਨੂੰ ਹਫਤਾਵਰੀ ਛੁੱਟੀ ਦਿੱਤੀ ਅਤੇ 8 ਘੰਟੇ ਡਿਊਟੀ ਲਈ ਜਾਏਗੀ ਪਰ ਇੰਨ੍ਹਾਂ ਐਲਾਨਾ ਤੇ ਅਮਲ ਨਹੀਂ ਹੋਇਆ ਹੈ।