ਮੋਗਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਸ਼ਾਮਲ ਹੋਣ 'ਤੇ ਕੀਤਾ ਨਿੱਘਾ ਸਵਾਗਤ
ਗਿੱਲ ਦੇ ਆਉਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ : ਸੁਖਬੀਰ ਸਿੰਘ ਬਾਦਲ
ਕਾਂਗਰਸ ਦੀਆਂ ਨੀਤੀਆਂ ਨਾਲ ਨਫਰਤ ਹੋਣ ਕਾਰਨ ਪਾਰਟੀ ਛੱਡੀ ਰਾਜਿੰਦਰ ਪਾਲ ਸਿੰਘ ਗਿੱਲ
ਮੋਗਾ, 17 ਅਕਤੂਬਰ, 2021:
ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਪ੍ਰਧਾਨ ਸਰਦਾਰ ਰਾਜਿੰਦਰ ਪਾਲ ਸਿੰਘ ਗਿੱਲ ਪਾਰਟੀ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਸੁਖਬੀਰ ਸਿੰਘ ਬਾਦਲ ਨੇ ਰਾਜਿੰਦਰਪਾਲ ਸਿੰਘ ਗਿੱਲ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਜੀ ਆਇਆਂ ਆਖਿਆ ਤੇ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਮਿਲੇਗਾ। ਬਾਦਲ ਨੇ ਕਿਹਾ ਕਿ ਰਾਜਿੰਦਰਪਾਲ ਸਿੰਘ ਗਿੱਲ ਜੋ ਕਿ ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਹਨ, ਉਹਨਾਂ ਦੀ ਸ਼ਮੂਲੀਅਤ ਨਾਲ ਇਲਾਕੇ ਵਿਚ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਹਾਲਾਤ ਤਾਂ ਇਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕ ਮੌਜੂਦਾ ਚੇਅਰਮੈਨ ਸਰਕਾਰ ਦੇ ਹੁੰਦਿਆਂ ਪਾਰਟੀ ਛੱਡ ਰਿਹਾ ਹੈ।
ਇਸ ਮੌਕੇ ਰਾਜਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ, ਜਥੇਦਾਰ ਤੀਰਥ ਸਿੰਘ ਮਾਹਲਾ ਪ੍ਰਧਾਨ ਜ਼ਿਲ੍ਹਾ ਮੋਗਾ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਮੁੱਖ ਸੇਵਾਦਾਰ ਹਲਕਾ ਮੋਗਾ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਉਹਨਾਂ ਨੁੰ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ ਹੈ।
ਉਹਨਾਂ ਕਿਹਾ ਕਿ ਅਸਲ ਵਿਚ ਉਹਨਾਂ ਨੁੰ ਕਾਂਗਰਸ ਦੀ ਸੋਚ ਨਾਲ ਨਫਰਤ ਹੋ ਗਈ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਤੇ ਪਾਰਟੀ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕੰਮਾਂ ਤੇ ਲੋਕ ਪੱਖੀ ਨੀਤੀਆਂ ਨੂੰ ਵੇਖਦਿਆਂ ਉਹਨਾਂ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਉਹਨਾਂ ਕਿਹਾ ਕਿ ਉਹਨਾਂ ਨੇ ਚੇਅਰਮੈਨ ਦਾ ਅਹੁਦਾ ਛੱਡ ਦਿੱਤਾ ਹੈ ਤੇ ਚੇਅਰਮੈਨ ਦੇ ਅਹੁਦੇ ਦੀ ਮੈਨੁੰ ਕੋਈ ਲਾਲਸਾ ਨਹੀਂ ਹੈ।
ਉਹਨਾਂ ਪਾਰਟੀ ਲੀਡਰਸ਼ਿਪ ਨੂੰ ਭਰੋਸਾ ਦੁਆਇਆ ਕਿ ਉਹ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਬਣ ਕੇ ਕੰਮ ਕਰਨਗੇ ਤੇ ਅਕਾਲੀ ਲੀਡਰਸ਼ਿਪ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲਣਗੇ। ਉਹਨਾਂ ਕਿਹਾ ਕਿ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਹੋਵੇਗਾ ਤੇ ਜੋ ਵੀ ਹੁਕਮ ਪਾਰਟੀ ਲਗਾਏਗੀ, ਉਸ 'ਤੇ ਪਹਿਰਾ ਦੇਣਗੇ।