ਕੈਨੇਡਾ: ਅਫ਼ਗ਼ਾਨਿਸਤਾਨ ‘ਚ ਗੁਰਦੁਆਰਾ ਸਾਹਿਬ ਦੀ ਤਲਾਸ਼ੀ ਮੰਦਭਾਗੀ ਘਟਨਾ : ਜਸਰਾਜ ਹੱਲਣ
ਕਮਲਜੀਤ ਬੁੱਟਰ
ਕੈਲਗਰੀ, 17 ਅਕਤੂਬਰ 2021 : ਬੀਤੇ ਦਿਨੀਂ ਅਫ਼ਗ਼ਾਨਿਸਤਾਨ ‘ਚ ਜੋ ਘਟਨਾ ਗੁਰਦੁਆਰਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਕਾਬੁਲ ਦੇ ਕਰਤੇ ਪਰਵਾਨ ਇਲਾਕੇ ‘ਚ ਵਾਪਰੀ ਹੈ ਉਸ ਦੀ ਕੈਨੇਡੀਅਨ ਮੈਂਬਰ ਪਾਰਲੀਮੈਂਟ ਮੈਂਬਰ ਜਸਰਾਜ ਸਿੰਘ ਹੱਲਣ ਵੱਲੋਂ ਨਿੰਦਾ।
ਸਥਾਨਕ ਸਿੱਖ ਭਾਈਚਾਰੇ ਮੁਤਾਬਕ ਜੋ ਘਟਨਾ ਬਾਰੇ ਦੱਸਿਆ ਗਿਆ ਕਿ ਗੁਰਦੁਆਰੇ ਅੰਦਰ ਦਾਖ਼ਲ ਹੋਏ ਤਾਲਿਬਾਨ ਲੜਾਕਿਆਂ ਨੇ ਗੁਰੂ ਘਰ ਦੀ ਤਲਾਸ਼ੀ ਲਈ ਕਿਉਂਕਿ ਉਨ੍ਹਾਂ ਦਾ ਦੋਸ਼ ਸੀ ਕਿ ਅਸੀਂ ਬੰਦੂਕਾਂ ਅਤੇ ਹਥਿਆਰ ਲੁਕੋ ਰੱਖੇ ਹਨ। ਉਨ੍ਹਾਂ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ, ਖਾਲਸਾ ਇਸ ਵੇਲੇ ਭਾਰਤ ਵਿੱਚ ਹਨ। ਮਸਜਿਦਾਂ ਵਿੱਚ ਲਗਾਤਾਰ ਹੋ ਰਹੇ ਧਮਾਕਿਆਂ ਕਾਰਨ ਹਜ਼ਾਰਾ ਸ਼ੀਆ ਮੁਸਲਿਮਾਂ ਦੀ ਮੌਤ ਹੋਣ ਤੋਂ ਬਾਅਦ ਹਿੰਦੂ-ਸਿੱਖ ਬਹੁਤ ਡਰੇ ਹੋਏ ਹਨ।
ਜਸਰਾਜ ਸਿੰਘ ਹੱਲਣ ਨੇ ਕਿਹਾ ਕਿ ਜੋ ਵੀ ਅਫ਼ਗ਼ਾਨਿਸਤਾਨ ‘ਚ ਇਸ ਸਮੇਂ ਘੱਟ ਗਿਣਤੀਆਂ ਨਾਲ ਹੋ ਰਿਹਾ ਹੈ ਉਹ ਬਹੁਤ ਹੀ ਮੰਦਭਾਗਾ ਹੈ, ਜਿਸ ਤਰਾਂ ਨਾਲ ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਉਥੋਂ ਦੇ ਹਾਲਾਤ ਬਾਰੇ ਦੱਸ ਰਹੇ ਹਨ ਉਹ ਬਹੁਤ ਹੀ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਸਭ ਧਰਮਾਂ ਦੇ ਲੋਕਾਂ ਨੂੰ ਆਪਸੀ ਸਾਂਝ ਬਣਾਕੇ ਰੱਖਣੀ ਚਾਹੀਂਦੀ ਹੈ।
ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕੈਨੇਡਾ ਸੱਦਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਲੰਬੇ ਸਮੇਂ ਤੋਂ ਲਿਬਰਲ ਸਰਕਾਰ ਕੋਲ ਪਹੁੰਚ ਕਰ ਰਿਹਾ ਹਾਂ ਕਿ ਜੋ ਵੀ ਭਾਈਚਾਰੇ ਨਾਲ ਸੰਬੰਧਤ ਲੋਕ ਅਫ਼ਗ਼ਾਨਿਸਤਾਨ ‘ਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਉਨ੍ਹਾਂ ਨੂੰ ਕੈਨੇਡਾ ਸੱਦਿਆ ਜਾਣਾ ਚਾਹੀਂਦਾ ਹੈ ਜਿਸ ਦੇ ਲਈ ਮੈਂ ਬੀਤੇ ਕੁੱਝ ਮਹੀਨੇ ਪਹਿਲਾਂ ਕਨਜ਼ਰਟਿਵ ਮੈਂਬਰਾਂ, ਐੱਨਡੀਪੀ ਮੈਂਬਰਾਂ ਤੇ ਗਰੀਨ ਪਾਰਟੀ ਮੈਂਬਰਾਂ ਦੇ ਸਹਿਯੋਗ ਨਾਲ ਇਕ ਚਿੱਠੀ ਇਮੀਗ੍ਰੇਸ਼ਨ ਮੰਤਰੀ ਨੂੰ ਭੇਜੀ ਸੀ ਪਰ ਜਿਸ ਦੇ ਉਤੇ ਕੋਈ ਜਵਾਬ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਲਿਬਰਲ ਸਰਕਾਰ ਨੂੰ ਇਸ ‘ਤੇ ਜਲਦ ਧਿਆਨ ਦੇਣਾ ਚਾਹੀਦਾ ਹੈ।