ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਭਾਰਤ ਪਾਕ ਸਰਹੱਦ ਤੇ ਅਰਦਾਸ ਕੀਤੀ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 18 ਅਕਤੂਬਰ 2021- ਸੰਗਰਾਂਦ ਦਿਹਾੜੇ ਮੌਕੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਲਾਂਘਾ ਖੁੱਲਵਾਉਣ ਲਈ ਫਿਰ ਕਰਤਾਰਪੁਰ ਸਾਹਿਬ ਦੇ ਸਾਹਮਣੇ ਭਾਰਤ ਪਾਕ ਸਰਹੱਦ ਤੇ ਅਰਦਾਸ ਕੀਤੀ ਗਈ। ਸੰਗਤ ਨੇ ਦੁੱਖ ਪ੍ਗਟ ਕੀਤਾ ਕਿ ਕੋਰੋਨਾ ਕਰਕੇ ਬੰਦ ਹੋਈਆਂ ਕੌਮਾਂਤਰੀ ਸਰਹੱਦਾਂ ਲਗ ਪਗ ਸਾਰੀਆਂ ਸਰਕਾਰਾਂ ਨੇ ਖੋਲ੍ਹ ਦਿੱਤੀਆਂ ਹਨ, ਇਸ ਦੇ ਬਾਵਜੂਦ ਕਰਤਾਰਪੁਰ ਲਾਂਘਾ ਬੰਦ ਰੱਖਣਾ ਕੇਂਦਰ ਸਰਕਾਰ ਦੀ ਇਸ ਮਸਲੇ ਤੇ ਮਨਸ਼ਾ ਜ਼ਾਹਿਰ ਕਰਦਾ ਹੈ। ਸੰਗਤ ਨੇ ਲਿਖਿਆ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਲਾਂਘਾ ਤੁਰੰਤ ਖੋਲ੍ਹਿਆ ਜਾਏ। ਉਪਰੰਤ ਹੁਣੇ ਚਰਨਜੀਤ ਸਿੰਘ ਨੀ ਮੁੱਖ ਮੰਤਰੀ ਖੁਦ ਪ੍ਰਧਾਨ ਮੰਤਰੀ ਨੂੰ ਮਿਲੇ ਤੇ ਲਾਂਘਾ ਖੋਲ੍ਹਣ ਲਈ ਬੇਨਤੀ ਕੀਤੀ ਪਰ ਇਸ ਸਭ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਸ ਮਸਲੇ ਤੇ ਮੌਨ ਧਾਰਨ ਕੀਤਾ ਹੋਇਆ ਹੈ। ਹੋਰ ਤੇ ਹੋਰ ਬੀਐਸਐਫ ਨੂੰ ਵੱਧ ਤਾਕਤਾਂ ਦੇਣਾ ਕੇਂਦਰ ਦਾ ਸਰਹੱਦਾਂ ਬਾਬਤ ਨਜਰੀਆ ਪ੍ਰਗਟ ਕਰਦਾ ਹੈ।
ਸੰਗਤ ਨੇ ਕਿਹਾ ਹੈ ਕਿ ਲੱਗਦਾ ਹੈ ਕੇਂਦਰ ਦੀ ਭਾਜਪਾ ਸਰਕਾਰ ਕਰਤਾਰਪੁਰ ਲਾਂਘੇ ਦਾ ਮਸਲਾ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖ ਰਹੀ ਹੈ ਜੋ ਮੰਦਭਾਗੀ ਗੱਲ ਹੈ। ਸੰਗਤਾਂ ਨੇ ਕਿਹਾ ਕਿ ਰੱਬ ਖੈਰ ਕਰੇ ਕੇਂਦਰ ਦਾ ਐਨ ਅਜਿਹਾ ਨਜ਼ਰੀਆ 1980ਵੇਂ ਦਹਾਕੇ ਵਿਚ ਪੰਜਾਬ ਬਾਬਤ ਸੀ, ਜਿਸ ਉਪਰੰਤ ਜੂਨ 1984 ਦਾ ਸਾਕਾ ਵਾਪਰਿਆ ਸੀ।
ਅਰਦਾਸ ਮੌਕੇ ਜਥੇਬੰਦੀ ਦੇ ਮੁਖੀ ਭਬੀਸ਼ਨ ਸਿੰਘ ਗੁਰਾਇਆ ਤੋਂ ਇਲਾਵਾ ਰਾਜ ਸਿੰਘ (ਉਮਰ 100 ਸਾਲ), ਵੈਦ ਲਖਵਿੰਦਰ ਸਿੰਘ, ਪ੍ਰਿਸੀਪਲ ਸੁਰਿੰਦਰ ਸਿੰਘ ਆਹੂਜਾ, ਸੁਖਦੇਵ ਸਿੰਘ ਐਸ ਡੀ ਓ ਅਤੇ ਹੋਰ ਅਨੇਕਾਂ ਸੰਗਤਾਂ ਮੌਜੂਦ ਸਨ।।